ਅੱਤਵਾਦ ਵਿਰੁੱਧ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਲੜ ਰਹੇ ਹਾਂ : ਅੱਬਾਸੀ

01/24/2018 10:02:14 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਪਾਕਿਸਤਾਨ ਇਸ ਸਮੇਂ ਦੁਨੀਆ ਵਿਚ ਅੱਤਵਾਦ ਵਿਰੁੱਧ ਸਭ ਤੋਂ ਵੱਡੀ ਲੜਾਈ ਲੜ ਰਿਹਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਇਹ ਇਕ ਅਜਿਹਾ ਬਿਆਨ ਹੈ, ਜਿਸ 'ਤੇ ਕਿਸੇ ਦੇਸ਼ ਨੂੰ ਵੀ ਯਕੀਨ ਨਹੀਂ ਹੋਵੇਗਾ ਕਿਉਂਕਿ ਅਸਲ ਵਿਚ ਦੁਨੀਆ ਦਾ ਸਭ ਤੋਂ ਖਤਰਨਾਕ ਅੱਤਵਾਦੀ ਹਾਫਿਜ਼ ਸਈਦ ਸਰਕਾਰ ਦੀ ਮਦਦ ਨਾਲ ਪਾਕਿਸਤਾਨ ਵਿਚ ਖੁੱਲੇਆਮ ਘੁੰਮ ਰਿਹਾ ਹੈ। ਅੱਬਾਸੀ ਦਾ ਕਹਿਣਾ ਹੈ ਕਿ ਜੇ ਪਾਕਿਸਤਾਨ 'ਤੇ ਕੋਈ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹ ਅੱਤਵਾਦ ਵਿਰੁੱਧ ਲੜਾਈ ਵਿਚ ਰੁਕਾਵਟ ਸਿੱਧ ਹੋਵੇਗੀ। ਇਸ ਦੌਰਾਨ ਖਬਰ ਹੈ ਕਿ ਪਾਕਿਸਤਾਨੀ ਸਰਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਦੀ ਟੀਮ ਨੂੰ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨਾਲ ਮਿਲਣ ਨਹੀਂ ਦੇਵੇਗੀ। ਇਕ ਪਾਕਿਸਤਾਨੀ ਅਖਬਾਰ ਮੁਤਾਬਕ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦਾ ਦੌਰਾ ਪਾਕਿਸਤਾਨ 'ਤੇ ਦਬਾਅ ਪਾਉਣ ਲਈ ਨਹੀਂ ਹੈ।