ਅੱਤਵਾਦ ਵਿਕਾਸ ਅਤੇ ਖੁਸ਼ਹਾਲੀ ਲਈ ਜ਼ਬਰਦਸਤ ਖਤਰਾ : ਸੁਸ਼ਮਾ

10/13/2018 1:02:59 AM

ਦੁਸ਼ਾਂਬੇ–ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅੱਤਵਾਦ ਵਿਕਾਸ ਅਤੇ ਖੁਸ਼ਹਾਲੀ ਲਈ ਜ਼ਬਰਦਸਤ ਖਤਰਾ ਹੈ ਅਤੇ ਉਨ੍ਹਾਂ ਪਾਕਿਸਤਾਨ ਸਮੇਤ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਆਪਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਵਰਾਜ ਨੇ 50 ਅਰਬ ਡਾਲਰ ਦੇ ਚੀਨ, ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਦੇ ਸਪੱਸ਼ਟ ਸੰਦਰਭ ਵਿਚ ਕਿਹਾ ਕਿ ਸੰਪਰਕ ਦੀਆਂ ਸਾਰੀਆਂ ਪਹਿਲਾਂ ਪ੍ਰਭੂਸੱਤਾ ਵਿਚ ਖੇਤਰੀ ਅਖੰਡਤਾ ਦਾ ਸਨਮਾਨ, ਵਿਚਾਰ-ਵਟਾਂਦਰਾ, ਵਧੀਆ ਪ੍ਰਸ਼ਾਸਨ, ਪਾਰਦਰਸ਼ਿਤਾ, ਵਿਹਾਰਤਾ ਅਤੇ ਨਿਰੰਤਰਤਾ ਦੇ ਸਿਧਾਂਤ ’ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ। ਭਾਰਤ ਨੇ ਸੀ. ਪੀ. ਈ. ਸੀ. ਪ੍ਰਾਜੈਕਟਾਂ ਦਾ ਵਿਰੋਧ ਕੀਤਾ ਹੈ ਅਤੇ ਚੀਨ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦੇ ਹਨ। ਸਵਰਾਜ ਐੱਸ. ਸੀ. ਓ. ਦੇ ਸ਼ਾਸਨ ਮੁਖੀਆਂ ਦੀ ਕੌਂਸਲ (ਸੀ. ਐੱਚ. ਜੀ.) ਦੇ 2 ਦਿਨਾ ਸੰਮੇਲਨ ਵਿਚ ਸ਼ਾਮਲ ਹੋਣ ਲਈ ਇਥੇ ਆਈ ਹੈ। ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੀ ਮੌਜੂਦਗੀ ਵਿਚ ਕਿਹਾ ਕਿ ਭਾਵੇਂ ਅੱਤਵਾਦ ਪੈਰ ਪਸਾਰ ਰਿਹਾ ਹੈ ਤਾਂ ਸਰਕਾਰਾਂ ਨੂੰ ਆਪਣੀ ਰਾਸ਼ਟਰੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਇਕ-ਦੂਸਰੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਸਾਨੂੰ ਸਾਰਿਆਂ ਨੂੰ ਗਲੋਬਲਾਈਜ਼ੇਸ਼ਨ ਤੋਂ ਲਾਭ ਹੋਇਆ ਹੈ। ਸਾਨੂੰ ਆਪਣਾ ਵਪਾਰ ਅਤੇ ਨਿਵੇਸ਼ ਸਹਿਯੋਗ ਅੱਗੇ ਵਧਾਉਣਾ ਚਾਹੀਦਾ ਹੈ।’’ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇਨ੍ਹਾਂ ਅੱਤਵਾਦੀ ਵਿਰੋਧੀ ਸੰਮੇਲਨਾਂ ਵਿਚ ਹਿੱਸਾ ਲਿਆ ਹੈ।