ਕਿਰਾਏਦਾਰ ਨੇ ਬਰਬਾਦ ਕੀਤਾ 70 ਲੱਖ ਲੀਟਰ ਪਾਣੀ, ਭਰਨਾ ਪਵੇਗਾ ਲੱਖਾਂ ਦਾ ਬਿੱਲ

10/15/2017 3:41:53 PM

ਜਰਮਨੀ, (ਬਿਊਰੋ)—ਦੁਨੀਆ ਭਰ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਕਮੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਅਜਿਹੇ 'ਚ ਕਿਸੇ ਦਾ ਪਾਣੀ ਬਰਬਾਦ ਕਰਨਾ ਗੁੱਸਾ ਚੜ੍ਹਾ ਸਕਦਾ ਹੈ, ਉਹ ਵੀ ਤਦ ਜਦ ਪਾਣੀ ਥੋੜ੍ਹਾ-ਬਹੁਤ ਨਹੀਂ ਬਲਕਿ 70 ਲੱਖ ਲੀਟਰ ਹੋਵੇ। ਮਾਮਲਾ ਜਰਮਨੀ ਦਾ ਹੈ, ਜਿੱਥੇ ਇਕ ਕਿਰਾਏਦਾਰ ਇਕ ਸਾਲ ਤੋਂ ਲਗਾਤਾਰ ਪਾਣੀ ਬਰਬਾਦ ਕਰ ਰਿਹਾ ਸੀ। ਅਸਲ 'ਚ ਉੱਤਰੀ ਜਰਮਨੀ 'ਚ ਇਕ ਕਿਰਾਏਦਾਰ ਨੇ ਇਕ ਸਾਲ ਤੋਂ ਆਪਣੇ ਬਾਥਰੂਮ ਦੇ ਸਿੰਕ ਦੀ ਟੂਟੀ ਖੁੱਲ੍ਹੀ ਛੱਡੀ ਹੋਈ ਸੀ। ਉਸ ਦੀ ਕਰਤੂਤ ਕਾਰਨ 70 ਲੱਖ ਲੀਟਰ ਪਾਣੀ ਬਰਬਾਦ ਹੋ ਗਿਆ। ਇਸ ਗੱਲ ਦਾ ਖੁਲ੍ਹਾਸਾ ਤਦ ਹੋਇਆ ਜਦ ਇਸ ਕਿਰਾਏਦਾਰ ਦੇ ਮਕਾਨ ਮਾਲਕ ਕੋਲ ਪਾਣੀ ਦਾ ਬਿੱਲ ਆਇਆ। 
ਬਿੱਲ ਦੇਖ ਕੇ ਤਾਂ ਮਕਾਨ ਮਾਲਕ ਦੇ ਹੋਸ਼ ਹੀ ਉੱਡ ਗਏ। ਉਸ ਦੇ ਕੋਲ 12,700 ਡਾਲਰ ਲਗਭਗ 8.2 ਲੱਖ ਰੁਪਏ ਦਾ ਬਿੱਲ ਆਇਆ। ਮਕਾਨ ਮਾਲਕ ਦਾ ਕਹਿਣਾ ਹੈ ਕਿ ਉਂਝ ਉੱਥੇ ਇਕ ਸਾਲ 'ਚ ਵਧ ਤੋਂ ਵਧ 44 ਹਜ਼ਾਰ ਲੀਟਰ ਪਾਣੀ ਹੀ ਖਰਚ ਹੁੰਦਾ ਹੈ ਪਰ ਜੋ ਬਿੱਲ ਆਇਆ, ਉਹ 70 ਲੱਖ ਲੀਟਰ ਪਾਣੀ ਦਾ ਹੈ।