ਮੈਲਬੌਰਨ ''ਚ ਇਕ ਤੋਂ ਬਾਅਦ ਇਕ ਆਪਸ ''ਚ ਟਕਰਾਈਆਂ 5 ਕਾਰਾਂ, ਕਈ ਹੋਏ ਜ਼ਖਮੀ

06/12/2017 1:51:21 PM


ਮੈਲਬੌਰਨ— ਮੈਲਬੌਰਨ ਦੇ ਸ਼ਹਿਰ ਵਿਕਟੋਰੀਆ 'ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਵਿਕਟੋਰੀਆ ਦੇ ਹਿਊਮ ਫਰੀਵੇਅ 'ਤੇ ਵਾਪਰਿਆ। ਦਰਅਸਲ ਸੜਕ 'ਤੇ ਇਕ ਤੋਂ ਬਾਅਦ ਇਕ 4 ਕਾਰਾਂ ਅਤੇ ਇਕ ਘੋੜਾ ਟ੍ਰੇਲਰ ਦੀ ਆਪਸ 'ਚ ਟੱਕਰ ਹੋ ਗਈ। ਚਾਰੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ, ਜਦਕਿ ਘੋੜਾ ਟ੍ਰੇਲਰ ਨੂੰ ਨੁਕਸਾਨ ਪੁੱਜਾ। ਹਾਦਸੇ 'ਚ ਇਕ ਨਾਬਾਲਗ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਏਅਰ ਐਂਬੂਲੈਂਸ ਜ਼ਰੀਏ ਰਾਇਲ ਚਿਲਡਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ 'ਚ ਹੋਰ ਲੋਕ ਵੀ ਜ਼ਖਮੀ ਹੋਏ ਹਨ। 
ਐਮਰਜੈਂਸੀ ਸੇਵਾ ਅਧਿਕਾਰੀ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਕਰੀਬਨ 1.30 ਵਜੇ ਦੇ ਕਰੀਬ ਹਾਦਸੇ ਬਾਰੇ ਸੂਚਨਾ ਦਿੱਤੀ ਗਈ।
ਜਿਸ ਕਾਰ 'ਚ ਨਾਬਾਲਗ ਲੜਕੀ ਸਵਾਰ ਸੀ, ਉਸ ਕਾਰ 'ਚ 30 ਸਾਲਾ ਇਕ ਔਰਤ ਵੀ ਸਵਾਰ ਸੀ, ਉਹ ਵੀ ਜ਼ਖਮੀ ਹੋਈ। ਲੜਕੀ ਦੇ ਸਿਰ 'ਤੇ ਸੱਟ ਲੱਗੀ ਹੈ, ਜਦਕਿ ਕਿ ਔਰਤ ਦੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ। ਦੋਹਾਂ ਨੂੰ ਰਾਇਲ ਚਿਲਡਰਨ ਹਸਪਤਾਲ 'ਚ ਗੰਭੀਰ ਹਾਲਤ 'ਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਇਕ ਹੋਰ ਕਾਰ 'ਚ ਸਵਾਰ ਤੀਜੀ ਔਰਤ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਜ਼ਖਮੀ ਹਾਲਤ 'ਚ ਦਾਖਲ ਕਰਵਾਇਆ ਗਿਆ। ਹਾਦਸੇ 'ਚ ਜ਼ਖਮੀ ਹੋਏ ਚੌਥੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇਲਾਜ ਲਈ ਉਸ ਨੂੰ ਨੌਰਥਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋ ਹੋਰ ਕਾਰਾਂ 'ਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਡਾਕਟਰੀ ਮਦਦ ਦਿੱਤੀ ਗਈ। ਹਾਦਸੇ ਤੋਂ ਬਾਅਦ ਕੁਝ ਦੇਰ ਲਈ ਪੁਲਸ ਨੇ ਹਾਈਵੇਅ ਬੰਦ ਕਰ ਦਿੱਤਾ ਅਤੇ ਹਰ ਕਿਸੇ ਨੂੰ ਘੁੰਮ ਕੇ ਜਾਣ ਲਈ ਕਿਹਾ।