ਪਾਕਿ ''ਚ ਜਮਾਤ ''ਚ ਸਫਾਈ ਕਰਨ ਤੋਂ ਇਨਕਾਰ ਕਰਨ ''ਤੇ ਵਿਦਿਆਰਥਣ ਨੂੰ ਦਿੱਤੀ ਗਈ ਇਹ ਸਜ਼ਾ

05/29/2017 3:33:00 PM


ਲਾਹੌਰ— ਪਾਕਿਸਤਾਨ 'ਚ ਜਮਾਤ ਦੀ ਸਫਾਈ ਕਰਨ ਤੋਂ ਇਨਕਾਰ ਕਰਨ ਵਾਲੀ 14 ਸਾਲਾ ਲੜਕੀ ਨੂੰ ਉਸ ਦੀਆਂ ਦੋ ਅਧਿਆਪਕਾ ਨੇ ਸਕੂਲ ਦੀ ਇਮਾਰਤ ਦੀ ਛੱਤ ਤੋਂ ਧੱਕਾ ਦੇ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ 9ਵੀਂ ਜਮਾਤ ਦੀ ਵਿਦਿਆਰਥਣ ਲਾਹੌਰ ਦੇ ਇਕ ਹਸਪਤਾਲ 'ਚ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ। ਦੋਸ਼ੀ ਅਧਿਆਪਕਾ 'ਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਦੋਸ਼ੀ ਅਧਿਆਪਕਾ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। 
ਜਾਣਕਾਰੀ ਮੁਤਾਬਕ ਇਹ ਮਾਮਲਾ ਪੰਜਾਬ ਸੂਬੇ ਦਾ ਹੈ। ਇਹ ਘਟਨਾ ਸ਼ਾਹਦਰਾ ਦੇ ਕੋਟ ਸ਼ਹਾਬਦੀਨ ਸਥਿਤ ਸਰਕਾਰੀ ਗਰਲਜ਼ ਸਕੂਲ ਦੀ ਹੈ। ਫਜਰ ਨੂਰ ਨਾਂ 14 ਸਾਲਾ ਵਿਦਿਆਰਥਣ ਨੇ ਦੱਸਿਆ ਕਿ ਅਧਿਆਪਕਾ ਬੁਸ਼ਰਾ ਅਤੇ ਰੇਹਾਨਾ ਨੇ ਮੈਨੂੰ ਜਮਾਤ ਦੀ ਸਫਾਈ ਕਰਨ ਦਾ ਹੁਕਮ ਦਿੱਤਾ, ਕਿਉਂਕਿ ਜਮਾਤ ਦੀ ਸਫਾਈ ਕਰਨ ਦੀ ਵਾਰੀ ਮੇਰੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਮੇਰੀ ਸਿਹਤ ਠੀਕ ਨਹੀਂ ਹੈ ਅਤੇ ਮੈਂ ਕਿਸੇ ਹੋਰ ਦਿਨ ਸਫਾਈ ਕਰ ਦੇਵਾਂਗੀ। ਇਹ ਗੱਲ ਸੁਣ ਕੇ ਉਹ ਮੈਨੂੰ ਇਕ ਦੂਜੇ ਕਮਰੇ 'ਚ ਲੈ ਗਈਆਂ ਅਤੇ ਮੈਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹ ਮੈਨੂੰ ਛੱਤ 'ਤੇ ਲੈ ਗਈਆਂ ਅਤੇ ਮੈਨੂੰ ਛੱਤ ਸਾਫ ਕਰਨ ਦਾ ਹੁਕਮ ਦਿੱਤਾ। ਜਦੋਂ ਮੈਂ ਆਪਣੀ ਗੱਲ ਰੱਖੀ ਤਾਂ ਉਨ੍ਹਾਂ ਨੇ ਮੈਨੂੰ ਸਭ ਤੋਂ ਉੱਪਰੀ ਯਾਨੀ ਕਿ ਤੀਜੀ ਮੰਜ਼ਲ ਤੋਂ ਧੱਕਾ ਦੇ ਦਿੱਤਾ। 
ਓਧਰ  ਪੰਜਾਬ ਦੇ ਸਿੱਖਿਆ ਸਕੱਤਰ (ਸਕੂਲਾਂ ਦੇ) ਅੱਲ੍ਹਾ ਬਖਸ਼ ਮਲਿਕ ਨੇ ਕਿਹਾ ਕਿ ਇਹ ਘਟਨਾ 23 ਮਈ ਦੀ ਹੈ ਪਰ ਸਕੂਲ ਪ੍ਰਸ਼ਾਸਨ ਅਤੇ ਕੁਝ ਹੋਰ ਅਧਿਕਾਰੀਆਂ ਨੇ ਇਸ ਨੂੰ ਸਿੱਖਿਆ ਵਿਭਾਗ ਤੋਂ ਲੁਕਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਵਿਚ ਵਿਭਾਗੀ ਪੁੱਛ-ਗਿੱਛ ਹੋ ਰਹੀ ਹੈ ਅਤੇ ਇਸ ਦੀ ਜਾਂਚ ਲਈ ਮਾਮਲਾ ਮੁੱਖ ਮੰਤਰੀ ਦੇ ਨਿਰੀਖਣ ਦਸਤੇ ਕੋਲ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਘਟਨਾ ਲੁਕਾਉਣ ਕਾਰਨ ਜ਼ਿਲਾ ਸਿੱਖਿਆ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਹਿਸਾਨ ਮਲਿਕ, ਉੱਪ ਡੀ. ਈ. ਓ. ਤੈਯਬਾ ਬਟ ਅਤੇ ਸਕੂਲ ਦੀ ਸੀਨੀਅਰ ਅਧਿਆਪਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਦੋਹਾਂ ਅਧਿਆਪਕਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।