ਨੇਪਾਲ ਦੌਰੇ 'ਤੇ ਪਹੁੰਚੇ ਅੱਬਾਸੀ ਨੇ ਸਾਰਕ ਸੰਮਲੇਨ ਬਾਰੇ ਕੀਤੀ ਚਰਚਾ

03/06/2018 12:19:45 PM

ਕਾਠਮੰਡੂ (ਬਿਊਰੋ)— ਆਪਣੇ ਦੋ ਦਿਨੀਂ ਦੌਰੇ 'ਤੇ ਨੇਪਾਲ ਪਹੁੰਚੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਆਪਣੇ ਹਮਰੁਤਬਾ ਕੇ. ਪੀ. ਸ਼ਰਮਾ ਓਲੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਅੱਬਾਸੀ ਕੱਲ ਦੁਪਹਿਰ ਨੇਪਾਲ ਪਹੁੰਚੇ। ਉੱਥੇ ਟੁੰਡੀਖੇਲ ਵਿਚ ਉਨ੍ਹਾਂ ਨੂੰ ਗਾਰਡ ਆਫ ਓਨਰ ਦਿੱਤਾ ਗਿਆ। ਇਸ ਮਗਰੋਂ ਹੋਟਲ ਯਾਕ ਵਿਚ ਅੱਬਾਸੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਯੇਤੀ ਵਿਚ ਆਯੋਜਿਤ ਬੈਠਕ 30 ਮਿੰਟ ਤੱਕ ਚੱਲੀ। 
ਬੈਠਕ ਵਿਚ ਸਾਰਕ 'ਤੇ ਚਰਚਾ ਕੀਤੀ ਗਈ ਕਿ ਨੇਪਾਲ ਨੇ ਸਾਲ 2014 ਵਿਚ ਸਾਰਕ ਸੰਮੇਲਨ ਦੀ ਅਗਵਾਈ ਕੀਤੀ ਸੀ ਅਤੇ ਅਗਲੇ ਸੰਮੇਲਨ ਦੀ ਅਗਵਾਈ ਪਾਕਿਸਤਾਨ ਨੇ ਕਰਨੀ ਸੀ। ਪਰ ਜ਼ਿਆਦਾਤਰ ਮੈਂਬਰ ਦੇਸ਼ਾਂ ਵੱਲੋਂ ਸ਼ਾਮਲ ਹੋਣ ਤੋਂ ਇਨਕਾਰ ਕੀਤੇ ਜਾਣ ਕਾਰਨ ਸੰਮੇਲਨ ਰੱਦ ਕਰਨਾ ਪਿਆ ਸੀ। ਸਾਰਕ ਦੇ ਇਲਾਵਾ ਅੱਬਾਸੀ ਅਤੇ ਓਲੀ ਨੇ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਕੂਟਨੀਤਕ ਵਿਸ਼ਲੇਸ਼ਕ ਲੇਖਨਾਥ ਪਾਂਡੇ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਅੱਬਾਸੀ ਦੇ ਆਉਣ ਮਗਰੋਂ ਸਾਰਕ ਪ੍ਰਕਿਰਿਆ ਨੂੰ ਲੈ ਕੇ ਅੱਗੇ ਵੱਧਣ ਦੀ ਪਹਿਲ ਕੀਤੀ ਜਾਵੇਗੀ ਕਿਉਂਕਿ ਸਾਲ 1985 ਵਿਚ ਸਾਰਕ ਗਠਨ ਦੀ ਸ਼ੁਰੂਆਤ ਤੋਂ ਹੀ ਨੇਪਾਲ ਇਕ ਮਜ਼ਬੂਤ ਸਮਰਥਕ ਰਿਹਾ ਹੈ। ਨੇਪਾਲ ਪਹਿਲੇ ਤਿੰਨ ਸੰਮੇਲਨਾਂ ਦੀ ਅਗਵਾਈ ਕਰ ਚੁੱਕਾ ਹੈ।