ਤਾਲਿਬਾਨ ਨੇ ਬਣਾਈ ਖ਼ੁਦ ਦੀ ਸੁਪਰਕਾਰ, ਲੋਕਾਂ ਨੇ ਪੁੱਛਿਆ- ‘ਰਾਕੇਟ ਲਾਂਚਰ ਕਿੱਥੇ ਫਿੱਟ ਕਰੋਗੇ?’

01/16/2023 4:10:51 PM

ਕਾਬੁਲ (ਬਿਊਰੋ)– ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਹਾਲ ਹੀ ’ਚ ਕਈ ਕਾਰਨਾਂ ਕਰਕੇ ਸੁਰਖ਼ੀਆਂ ’ਚ ਰਿਹਾ ਹੈ। ਪਿਛਲੇ ਦਿਨੀਂ ਤਾਲਿਬਾਨ ਨੇ ਅਫਗਾਨਿਸਤਾਨ ’ਚ ਔਰਤਾਂ ਦੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ’ਤੇ ਪਾਬੰਦੀ ਲਗਾ ਦਿੱਤੀ ਸੀ ਪਰ ਇਸ ਵਾਰ ਤਾਲਿਬਾਨ ਆਪਣੀ ਸੁਪਰਕਾਰ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਤਾਲਿਬਾਨ ਦੇ ਕੁਝ ਇੰਜੀਨੀਅਰਾਂ ਨੇ ਇਕ ਵਿਸ਼ੇਸ਼ ਕਾਰ ਬਣਾਈ ਹੈ, ਜਿਸ ਨੂੰ ਮੈਡਾ 9 (ਸੁਪਰਕਾਰ ਮੈਡਾ 9) ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਸ ਕਾਰ ਨੂੰ ਬਣਾਉਣ ’ਚ ਲਗਭਗ 5 ਸਾਲ ਦਾ ਸਮਾਂ ਲੱਗਾ। ਸੁਪਰਕਾਰ ਨੂੰ ਤਾਲਿਬਾਨ ਦੇ ਉਚੇਰੀ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਪੇਸ਼ ਕੀਤਾ ਸੀ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ। ਇਸ ਕਾਰ ਨੂੰ ENTOP ਨਾਮ ਦੀ ਕੰਪਨੀ ਨੇ ਬਣਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਨੇਪਾਲ ਜਹਾਜ਼ ਹਾਦਸੇ ਦੇ ਚਸ਼ਮਦੀਦਾਂ ਦਾ ਵੱਡਾ ਬਿਆਨ ਆਇਆ ਸਾਹਮਣੇ

ਹਾਲਾਂਕਿ ਫਿਲਹਾਲ ਇਹ ਇਕ ਕੰਸੈਪਟ ਮਾਡਲ ਹੈ। ENTOP ਤੇ ਕਾਬੁਲ ਦੇ ਅਫਗਾਨਿਸਤਾਨ ਟੈਕਨੀਕਲ ਵੋਕੇਸ਼ਨਲ ਇੰਸਟੀਚਿਊਟ (ATVI) ਦੇ ਘੱਟੋ-ਘੱਟ 30 ਇੰਜੀਨੀਅਰਾਂ ਨੇ ਮਿਲ ਕੇ ਇਸ ਨੂੰ ਬਣਾਇਆ ਹੈ। ਫੀਚਰਸ ਦੀ ਗੱਲ ਕਰੀਏ ਤਾਂ Mada 9 ’ਚ ਟੋਇਟਾ ਕੋਰੋਲਾ ਇੰਜਣ ਦੀ ਵਰਤੋਂ ਕੀਤੀ ਗਈ ਹੈ। ਸੁਪਰਕਾਰ ਲਈ ਇੰਜਣ ਨੂੰ ਥੋੜ੍ਹਾ ਬਦਲਿਆ ਗਿਆ ਹੈ। ਰਿਪੋਰਟ ਮੁਤਾਬਕ ਕਾਰ ਦੇ ਇੰਟੀਰੀਅਰ ’ਤੇ ਕੰਮ ਕਰਨਾ ਅਜੇ ਬਾਕੀ ਹੈ। ਇਸ ’ਚ ਹੁਣ ਤੱਕ 40 ਤੋਂ 50 ਹਜ਼ਾਰ ਡਾਲਰ ਖ਼ਰਚ ਹੋ ਚੁੱਕੇ ਹਨ।

ਇੰਜੀਨੀਅਰਾਂ ਨੇ ਕਥਿਤ ਤੌਰ ’ਤੇ ਕਾਰ ਦੀ ਜਾਂਚ ਕੀਤੀ ਹੈ। ਹਾਲਾਂਕਿ ਅਜਿਹੀ ਕੋਈ ਵੀਡੀਓ ਆਨਲਾਈਨ ਉਪਲੱਬਧ ਨਹੀਂ ਹੈ, ਜਿਥੇ ਕਾਰ ਚੱਲਦੀ ਦਿਖਾਈ ਦੇ ਰਹੀ ਹੈ। ਲਗਭਗ ਸਾਰੀਆਂ ਵੀਡੀਓਜ਼ ਜਾਂ ਤਸਵੀਰਾਂ ’ਚ ਕਾਰ ਖੜ੍ਹੀ ਦਿਖਾਈ ਦਿੰਦੀ ਹੈ। ਵੀਡੀਓ ’ਚ ਇਹ ਨਹੀਂ ਦਿਖਾਇਆ ਗਿਆ ਹੈ ਕਿ ਕਾਰ ਦੀ ਆਵਾਜ਼ ਕਿਵੇਂ ਆਉਂਦੀ ਹੈ ਜਾਂ ਕਾਰ ਦਾ ਅੰਦਰੂਨੀ ਹਿੱਸਾ ਕਿਵੇਂ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਬਾਹਰੋਂ ਬਹੁਤ ਸਪੋਰਟੀ ਲੱਗ ਰਹੀ ਹੈ। ਇਸ ਦੀ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਨੇ ਤਾਲਿਬਾਨ ’ਤੇ ਤਾਅਨੇ ਮਾਰੇ ਤੇ ਮਜ਼ਾਕ ਵੀ ਉਡਾਇਆ।

ਕਾਰ ਦੀ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਸੀ, ‘‘ਸਾਰੇ ਯੋਗ ਅਫਗਾਨ ਨੌਜਵਾਨਾਂ ਨੂੰ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਤੇ ਵਿਕਾਸ ’ਚ ਆਪਣੀ ਨਵੀਨਤਾਕਾਰੀ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।’’

ਟਵਿਟਰ ’ਤੇ ਇਕ ਯੂਜ਼ਰ ਨੇ ਪੁੱਛਿਆ ਕਿ ਤੁਸੀਂ ਇਸ ਕਾਰ ’ਚ ਰਾਕੇਟ ਲਾਂਚਰ ਕਿਥੇ ਫਿੱਟ ਕਰੋਗੇ, ਜਦਕਿ ਇਕ ਹੋਰ ਵਿਅਕਤੀ ਨੇ ਇਹ ਵੀ ਪੁੱਛਿਆ ਕਿ ਤੁਸੀਂ ਇਸ ’ਚ ਬੰਦੂਕ ਕਿੱਥੇ ਰੱਖੋਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh