ਰੰਗ ਲਿਆਈ ਸਿੰਘ ਦੀ ਸੇਵਾ, ਮਿਲਿਆ ''ਆਸਟ੍ਰੇਲੀਅਨ ਆਫ ਦਿ ਡੇਅ'' ਖਿਤਾਬ (ਦੇਖੋ ਤਸਵੀਰਾਂ)

09/01/2015 10:48:29 AM


ਡਾਰਵਿਨ— ਸਿੱਖ ਜਿੱਥੇ ਵੀ ਜਾਂਦੇ ਹਨ, ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਨਾਲ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ''ਤੇ ਚੱਲ ਕੇ ਲੋਕਾਂ ਦੀ ਸੇਵਾ ਕਰਦੇ ਹਨ। ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ ਵਿਚ ਇਕ ਸਿੱਖ ਦੀ ਇਹੀ ਸੇਵਾ ਹੀ ਰੰਗ ਲਿਆਈ ਹੈ ਅਤੇ ਉਸ ਨੂੰ ਇਕ ਸਥਾਨਕ ਨਿੱਜੀ ਸੰਸਥਾ ਵੱਲੋਂ ''ਆਸਟ੍ਰੇਲੀਅਨ ਆਫ ਦਿ ਡੇਅ'' ਦੇ ਖਿਤਾਬ ਨਾਲ ਨਿਵਾਜ਼ਿਆ ਗਿਆ। ਇਕ ਨਸਲੀ ਵਿਤਕਰੇ ਦੀ ਘਟਨਾ ਤੋਂ ਬਾਅਦ ਤਜਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੇ ਜੋ ਕੀਤਾ, ਉਹ ਸ਼ਲਾਘਾਯੋਗ ਹੈ। ਤਜਿੰਦਰ ਸਿੰਘ ਨੇ ਲੋਕਾਂ ਦੀ ਸਿੱਖਾਂ ਬਾਰੇ ਸੋਚ ਬਦਲਣ ਲਈ ਇਕੱਲੇ ਨੇ ਆਪਣੀ ਕਮਾਈ ''ਚੋਂ ਦਸਵੰਦ ਕੱਢ ਕੇ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ। ਲੰਗਰ ਰਾਹੀਂ ਕੀਤੀ ਉਸ ਦੀ ਸੇਵਾ ਅਤੇ ਸੰਦੇਸ਼ ਦੂਰ-ਦੂਰ ਤੱਕ ਲੋਕਾਂ ਤੱਕ ਪਹੁੰਚਿਆ ਤਾਂ ਹਰ ਕਿਸੇ ਨੇ ਉਸ ਦੇ ਇਸ ਕੰਮ ਦੀ ਤਾਰੀਫ ਕੀਤੀ। 
ਤਜਿੰਦਰ ਸਿੰਘ ਇਕ ਟੈਕਸੀ ਡਰਾਈਵਰ ਹੈ ਅਤੇ ਤਕਰੀਬਨ ਤਿੰਨ ਸਾਲ ਪਹਿਲਾਂ ਉਸ ਦੇ ਟੈਕਸੀ ''ਚ ਸਵਾਰ ਇਕ ਵਿਅਕਤੀ ਨੇ ਉਸ ''ਤੇ ਨਸਲੀ ਟਿੱਪਣੀ ਕੀਤੀ ਸੀ। ਇਸ ਗੱਲ ਨੂੰ ਦਿਲ ਵਿਚ ਲੈ ਕੇ ਤਜਿੰਦਰ ਸਿੰਘ ਇਕੱਲੇ ਨੇ ਇਹ ਮੁਹਿੰਮ ਸ਼ੁਰੂ ਕੀਤੀ। ਪਹਿਲਾਂ ਉਹ ਆਪਣੇ ਘਰ ਵਿਚ ਖਾਣਾ ਬਣਾ ਕੇ ਭੁੱਖੇ ਤੇ ਨਿਰਆਸਰਿਆਂ ਨੂੰ ਖੁਆਉਂਦਾ ਸੀ। ਹੌਲੀ-ਹੌਲੀ ਉਸ ਨੇ ਇਕ ਵੈਨ ਵਿਚ ਤੁਰਦੀ-ਫਿਰਦੀ ਰਸੋਈ ਬਣਾ ਕੇ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ। ਤਜਿੰਦਰ ਸਿੰਘ ਦੀ ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਹੋਰ ਲੋਕ ਵੀ ਉਸ ਨਾਲ ਜੁੜਦੇ ਗਏ। ਲੋਕਾਂ ਨੇ ਉਸ ਨੂੰ ਮਾਲੀ ਮਦਦ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਾ ਲਈ ਅਤੇ ਕਿਹਾ ਕਿ ਜੋ ਵੀ ਮਦਦ ਕਰਨਾ ਚਾਹੁੰਦਾ ਹੈ ਉਹ ਉਸ ਦੀ ਵੈਨ ਤੇ ਬਰਤਨ ਲੈ ਜਾਵੇ ਤੇ ਲੋਕਾਂ ਨੂੰ ਮੁੱਫਤ ਭੋਜਨ ਕਰਾਵੇ। ਆਸਟ੍ਰੇਲੀਆ ਦੀ ਇਕ ਨਿਊਜ਼ ਏਜੰਸੀ ਨੇ ਜਦੋਂ ਤਜਿੰਦਰ ਸਿੰਘ ਦੀ ਖ਼ਬਰ ਇਕ ਵੀਡੀਓ ਨਾਲ ਪੋਸਟ ਕੀਤੀ ਤਾਂ ਉਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਅਤੇ ਹਰ ਕਿਸੀ ਦੀ ਜ਼ੁਬਾਨ ''ਤੇ ਸਿੰਘ ਦਾ ਨਾਂ ਚੜ੍ਹ ਗਿਆ। ਜਿਸ ਤੋਂ ਬਹੁਤ ਸਾਰੇ ਲੋਕਾਂ ਨੇ ਅਪੀਲ ਕੀਤੀ ਸੀ ਕਿ ਤਜਿੰਦਰ ਸਿੰਘ ਨੂੰ ''ਆਸਟ੍ਰੇਲੀਅਨ ਆਫ ਦਿ ਡੇਅ'' ਦੇ ਸਨਮਾਨ ਨਾਲ ਨਿਵਾਜ਼ਿਆ ਜਾਵੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi