ਇੰਝ ਕੀਤੀ ਮੋਬਾਇਲ ਦੀ ਵਰਤੋਂ ਕਿ ਅੱਖਾਂ ''ਚ ਹੋਏ 500 ਛੇਦ

02/20/2019 3:46:30 PM

ਤਾਏਪਈ (ਬਿਊਰੋ)— ਅੱਜ ਦੇ ਸਮੇਂ ਵਿਚ ਮੋਬਾਇਲ ਲੋਕਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਜ਼ਿਆਦਾਤਰ ਲੋਕ ਮੋਬਾਇਲ ਦੇ ਇੰਨੇ ਆਦੀ ਹੋ ਗਏ ਹਨ ਕਿ ਇਹ ਜਾਣਦੇ ਹੋਏ ਵੀ ਲਗਾਤਾਰ ਮੋਬਾਇਲ ਦੀ ਵਰਤੋਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਉਹ ਦਿਨ-ਰਾਤ ਇਸ ਦੀ ਵਰਤੋਂ ਕਰਦੇ ਹਨ। ਤਾਈਵਾਨ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਬਾਇਲ ਦੀ ਲਗਾਤਾਰ ਵਰਤੋਂ ਸਿਹਤ 'ਤੇ ਮਾੜਾ ਅਸਰ ਪਾਉਂਦੀ ਹੈ। 

ਇੱਥੇ ਇਕ 25 ਸਾਲਾ ਕੁੜੀ ਚੇਨ ਜੋ ਮੋਬਾਇਲ ਦੀ ਬ੍ਰਾਈਟਨੈੱਸ (ਚਮਕ) ਨੂੰ ਫੁੱਲ ਕਰ ਕੇ ਦਿਨ-ਰਾਤ ਫੋਨ ਦੀ ਵਰਤੋਂ ਕਰਦੀ ਸੀ, ਉਸ ਦੀਆਂ ਅੱਖਾਂ ਖਰਾਬ ਹੋ ਗਈਆਂ। ਸਿਰਫ ਇੰਨਾ ਹੀ ਨਹੀਂ ਉਸ ਦੀਆਂ ਅੱਖਾਂ ਦੇ ਕੋਰਨੀਆ ਵਿਚ 500 ਛੇਦ ਹੋ ਗਏ।

ਜਾਣਕਾਰੀ ਮੁਤਾਬਕ ਇਹ ਕੁੜੀ ਪੇਸ਼ੇ ਤੋਂ ਸੈਕੇਟਰੀ ਹੈ, ਜਿਸ ਨੂੰ ਆਪਣੇ ਕੰਮ ਕਾਰਨ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨੀ ਪੈਂਦੀ ਹੈ। ਭਾਵੇਂ ਦਿਨ ਹੋਵੇ ਜਾਂ ਰਾਤ ਉਸ ਨੂੰ ਮੋਬਾਇਲ 'ਤੇ ਐਕਟਿਵ ਰਹਿਣਾ ਪੈਂਦਾ ਹੈ। ਇਸੇ ਕਾਰਨ ਉਹ ਆਪਣੇ ਮੋਬਾਇਲ ਦੀ ਬ੍ਰਾਈਟਨੈੱਸ ਨੂੰ ਹਮੇਸ਼ਾ ਫੁੱਲ ਰੱਖਦੀ ਸੀ। ਇਸੇ ਆਦਤ ਕਾਰਨ ਉਸ ਦੀਆਂ ਅੱਖਾਂ ਨੂੰ ਇੰਨਾ ਨੁਕਸਾਨ ਹੋਇਆ।

ਸਾਲ 2018 ਤੱਕ ਦੋ ਸਾਲ ਚੇਨ ਨੇ ਇੰਝ ਹੀ ਕੰਮ ਕੀਤਾ। ਜਿਸ ਦੇ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀਆਂ ਅੱਖਾਂ ਵਿਚ ਕੁਝ ਸਮੱਸਿਆ ਹੈ। ਅੱਖਾਂ ਦੇ ਕਈ ਮਾਹਰਾਂ ਨੂੰ ਦਿਖਾਉਣ ਦੇ ਬਾਅਦ ਅਤੇ ਆਈ ਡ੍ਰਾਪਸ ਪਾਉਣ ਦੇ ਬਾਅਦ ਵੀ ਉਸ ਨੂੰ ਆਰਾਮ ਨਹੀਂ ਮਿਲਿਆ। ਹੌਲੀ-ਹੌਲੀ ਉਸ ਨੂੰ ਅੱਖਾਂ ਵਿਚ ਦਰਦ ਅਤੇ ਬਲੱਡਸ਼ਾਟ (ਅੱਖਾਂ ਵਿਚ ਖੂਨ ਵਾਲੀਆਂ ਨਾੜੀਆਂ) ਹੋਣ ਲੱਗਾ। ਫਿਰ ਉਸ ਦੀ ਤਕਲੀਫ ਹੋਰ ਵੀ ਵੱਧ ਗਈ ਅਤੇ ਉਸ ਨੂੰ ਦੇਖਣ ਵਿਚ ਮੁਸ਼ਕਲ ਹੋਣ ਲੱਗੀ। 

ਜਦੋਂ ਡਾਕਟਰ ਨੇ ਚੈਕਅੱਪ ਕੀਤਾ ਤਾਂ ਖੁਲਾਸਾ ਹੋਇਆ ਕਿ ਉਸ ਦੀਆਂ ਅੱਖਾਂ ਦੇ ਕੋਰਨੀਆ ਵਿਚ 500 ਛੇਦ ਹੋ ਚੁੱਕੇ ਹਨ। ਫਿਲਹਾਲ ਚੇਨ ਦਾ ਇਲਾਜ ਜਾਰੀ ਹੈ। ਡਾਕਟਰ ਵੀ ਇਸੇ ਲਈ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸਲਾਹ ਦਿੰਦੇ ਹਨ ਜੇਕਰ ਉਹ ਰਾਤ ਵੇਲੇ ਫੋਨ ਦੀ ਵਰਤੋਂ ਕਰਦੇ ਹਨ ਤਾਂ ਕਮਰੇ ਦੀ ਲਾਈਟ ਬੰਦ ਨਾ ਕਰਨ।

Vandana

This news is Content Editor Vandana