ਮੁੰਬਈ ਹਮਲਿਆਂ ਮਗਰੋਂ ‘ਬਹੁਤ ਨਿਸ਼ਚਿੰਤ’ ਸੀ ਤਹੱਵੁਰ ਰਾਣਾ, ਭਾਰਤ ਹਵਾਲਗੀ ਲਈ ਅਮਰੀਕੀ ਅਦਾਲਤ ਵੱਲੋਂ ਮਨਜ਼ੂਰੀ

05/19/2023 6:16:01 PM

ਨਿਊਯਾਰਕ (ਭਾਸ਼ਾ)-ਪਾਕਿਸਤਾਨੀ ਮੂਲ ਦਾ ਤਹੱਵੁਰ ਰਾਣਾ 26/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਦਿਨਾਂ ’ਚ ‘ਬਹੁਤ ਨਿਸ਼ਚਿੰਤ’ ਸੀ ਅਤੇ ਚਾਹੁੰਦਾ ਸੀ ਕਿ ਮੁੰਬਈ ’ਚ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਪਾਕਿਸਤਾਨ ਦਾ ਸਰਵਉੱਚ ਫੌਜੀ ਸਨਮਾਨ ਮਿਲੇ। ਰਾਣਾ ਦੀ ਭਾਰਤ ਹਵਾਲਗੀ ਨੂੰ ਬੁੱਧਵਾਰ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਕੈਲੀਫੋਰਨੀਆ ਦੀ ਸੈਂਟਰਲ ਡਿਸਟ੍ਰਿਕਟ ਕੋਰਟ ਦੀ ਮਜਿਸਟ੍ਰੇਟ ਜੈਕਲੀਨ ਚੋਲਜਿਆਨ ਨੇ ਬੁੱਧਵਾਰ ਨੂੰ 48 ਪੰਨਿਆਂ ਦਾ ਹੁਕਮ ਜਾਰੀ ਕੀਤਾ ਅਤੇ ਕਿਹਾ ਕਿ 62 ਸਾਲਾ ਰਾਣਾ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਦੇ ਤਹਿਤ ਭਾਰਤ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਹੁਕਮ ’ਚ ਕਿਹਾ ਗਿਆ ਹੈ, ‘‘ਅਦਾਲਤ ਨੇ ਇਸ ਅਪੀਲ ਦੇ ਸਮਰਥਨ ਅਤੇ ਵਿਰੋਧ ’ਚ ਪੇਸ਼ ਸਾਰੇ ਦਸਤਾਵੇਜਾਂ ਦੀ ਸਮੀਖਿਆ ਕੀਤੀ ਹੈ ਅਤੇ ਸਾਰੀਆਂ ਦਲੀਲਾਂ ’ਤੇ ਵਿਚਾਰ ਕੀਤਾ ਹੈ। ਇਸ ਤਰ੍ਹਾਂ ਦੀ ਸਮੀਖਿਆ ਅਤੇ ਵਿਚਾਰ ਦੇ ਆਧਾਰ ’ਤੇ ਅਦਾਲਤ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾਣਾ ਚਾਹੀਦਾ ਹੈ।’’ ਭਾਰਤ ਸਰਕਾਰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਮੂਲੀਅਤ ਦੇ ਦੋਸ਼ੀ ਰਾਣਾ ਦੀ ਹਵਾਲਗੀ ਦੀ ਮੰਗ ਰਹੀ ਸੀ। ਅਦਾਲਤ ਦਾ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਰਾਜਕੀ ਯਾਤਰਾ ਤੋਂ ਇਕ ਮਹੀਨੇ ਪਹਿਲਾਂ ਆਇਆ ਹੈ।

ਮੁੰਬਈ ਅੱਤਵਾਦੀ ਹਮਲਿਆਂ ਵਿਚ 6 ਅਮਰੀਕੀਆਂ ਸਮੇਤ ਕੁਲ 166 ਲੋਕ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਨੂੰ 10 ਪਾਕਿਸਤਾਨੀ ਅੱਤਵਾਦੀਆਂ ਨੇ ਅੰਜ਼ਾਮ ਦਿੱਤਾ ਸੀ। ਇਹ ਸਾਡੇ ਮੁੰਬਈ ਦੇ ਵੱਕਾਰੀ ਅਤੇ ਮਹੱਤਵਪੂਰਨ ਸਥਾਨਾਂ ’ਤੇ 60 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਾਰੀ ਰਹੇ ਸਨ। 26 ਨਵੰਬਰ 2008 ਨੂੰ ਮੁੰਬਈ ਵਿਚ ਹੋਏ ਭਿਆਨਕ ਹਮਲਿਆਂ ਵਿਚ ਕਿਰਦਾਰ ਸਬੰਧੀ ਭਾਰਤ ਵਲੋਂ ਹਵਾਲਗੀ ਦੀ ਅਪੀਲ ਕੀਤੇ ਜਾਣ ’ਤੇ ਰਾਣਾ ਨੂੰ ਅਮਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਅਧਿਕਾਰਕ ਸੂਤਰਾਂ ਨੇ ਕਿਹਾ ਸੀ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਰਾਣਾ ਦੀ ਸੰਭਾਵਿਤ ਭਾਰਤ ਹਵਾਲਗੀ ਦੇ ਮੱਦੇਨਜ਼ਰ ਤਿਆਰੀਆਂ ਕਰ ਰਿਹਾ ਹੈ। 26 ਨਵੰਬਰ, 2008 ਦੇ ਹਮਲਿਆਂ ਵਿਚ ਅਜਮਲ ਕਸਾਬ ਨਾਮੀ ਅੱਤਵਾਦੀ ਜ਼ਿੰਦਾ ਫੜਿਆ ਗਿਆ ਸੀ ਜਿਸਨੂੰ 21 ਨਵੰਬਰ, 2012 ਨੂੰ ਭਾਰਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬਾਕੀ ਅੱਤਵਾਦੀਆਂ ਨੂੰ ਹਮਲਿਆਂ ਦੌਰਾਨ ਭਾਰਤੀ ਸੁਰੱਖਿਆ ਫੋਰਸਾਂ ਨੇ ਢੇਰ ਕਰ ਦਿੱਤਾ ਸੀ।

ਫਰਵਰੀ 2002 ਤੋਂ ਦਸੰਬਰ 2015 ਵਿਚਾਲੇ 60 ਭਗੌੜਿਆਂ ਨੂੰ ਵਿਦੇਸ਼ੀ ਸਰਕਾਰਾਂ ਨੇ ਭਾਰਤ ਹਵਾਲਗੀ ਕੀਤੀ

ਵਿਦੇਸ਼ ਮੰਤਰਾਲਾ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ, ਫਰਵਰੀ 2002 ਅਤੇ ਦਸੰਬਰ 2015 ਵਿਚਾਲੇ ਵਿਦੇਸ਼ੀ ਸਰਕਾਰਾਂ ਨੇ ਹੁਣ ਤੱਕ 60 ਭਗੌੜਿਆਂ ਨੂੰ ਜਾਂ ਤਾਂ ਭਾਰਤ ਹਵਾਲਗੀ ਜਾਂ ਦੇਸ਼ ਨਿਕਾਲਾ ਦਿੱਤਾ ਹੈ। ਇਨ੍ਹਾਂ ਵਿਚੋਂ 11 ਭਗੌੜੇ ਅਮਰੀਕਾ ਤੋਂ, 17 ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ, 4 ਕੈਨੇਡਾ ਅਤੇ 4 ਥਾਈਲੈਂਡ ਤੋਂ ਹਵਾਲਗੀ ਕੀਤੇ ਗਏ ਹਨ। ਸਾਲ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਾ ਮਾਮਲੇ ਵਿਚ ਆਪਣੀ ਭੂਮਿਕਾ ਲਈ ਉਮਰਕੈਦ ਦੀ ਸਜ਼ਾ ਕੱਟ ਰਹੇ ਮਾਫੀਆ ਅੱਬੁ ਸਲੇਮ ਦੀ ਨਵੰਬਰ 2005 ਵਿਚ ਪੁਰਤਗਾਲ ਤੋਂ ਹਵਾਲਗੀ ਕੀਤੀ ਗਈ ਹੈ। ਉਥੇ, ਮੁੰਬਈ ਬੰਬ ਹਮਲਿਆਂ ਵਿਚ ਸ਼ਾਮਲ ਇਕਬਾਲ ਸ਼ੇਖ ਕਾਸਕਰ, ਇਜਾਜ ਪਠਾਨ ਅਤੇ ਮੁਸਤਫਾ ਅਹਿਮਦ ਉਮਰ ਦੋਸਾ ਦੀ 2003 ਦੀ ਸ਼ੁਰੂਆਤ ਵਿਚ ਯੂ. ਏ. ਈ. ਤੋਂ ਹਵਾਲਗੀ ਕੀਤੀ ਗਈ ਸੀ। ਭਾਰਤ ਅਤੇ ਅਮਰੀਕਾ ਵਿਚਾਲੇ 25 ਜੂਨ, 1997 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਆਈ. ਕੇ. ਗੁਜਰਾਲ ਦੇ ਰਾਜ ਵਿਚ ਹਵਾਲਗੀ ਸਮਝੌਤਾ ਹੋਇਆ ਸੀ।

Manoj

This news is Content Editor Manoj