ਤਬਲੀਗੀ ਜਮਾਤ ਦੇ ਫੈਸਲਾਬਾਦ ਮੁਖੀ ਦੀ ਕੋਰੋਨਾ ਨਾਲ ਮੌਤ, ਹੋਰ ਦੇਸ਼ਾਂ ''ਚ ਜਮਾਤੀ ਫੈਲਾਅ ਰਹੇ ਵਾਇਰਸ

04/17/2020 10:24:31 PM

ਲਾਹੌਰ (ਪੀ.ਟੀ.ਆਈ.)- ਤਬਲੀਗੀ ਜਮਾਤ ਦੇ ਫੈਸਲਾਬਾਦ ਮੁਖੀ ਮੌਲਾਨਾ ਸੁਹੈਬ ਰੂਮੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਬਜ਼ੁਰਗ ਉਪਦੇਸ਼ਕ ਨੇ ਪਿਛਲੇ ਮਹੀਨੇ ਲਾਹੌਰ ਦੇ ਰਾਇਵਿੰਡ ਵਿਚ ਤਬਲੀਗੀ ਸਭਾ ਵਿਚ ਸ਼ਿਰਕਤ ਕੀਤੀ ਸੀ। ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰ, ਜਿਨ੍ਹਾਂ ਵਿਚ ਦੋ ਪੋਤੇ ਵੀ ਸ਼ਾਮਲ ਹਨ। ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਫੈਸਲਾਬਾਦ ਵਿਚ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

ਇਸ ਦਰਮਿਆਨ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਤਬਲੀਗੀ ਜਮਾਤ ਦੇ ਇਨਫੈਕਟਿਡ ਮੈਂਬਰਾਂ ਦੀ ਗਿਣਤੀ ਸ਼ੁੱਕਰਵਾਰ ਨੂੰ 1100 ਨੂੰ ਪਾਰ ਕਰ ਗਈ। ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਲਾਹੌਰ ਸਥਿਤ ਦਫਤਰ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਣ ਵਾਲੇ ਪ੍ਰਚਾਰਕਾਂ ਨੂੰ ਪੂਰੇ ਦੇਸ਼ ਵਿਚੋਂ ਲੱਭ ਕੇ ਏਕਾਂਤਵਾਸ ਸੈਂਟਰਾਂ ਵਿਚ ਰੱਖਿਆ ਗਿਆ। ਸਰਕਾਰ ਮੁਤਾਬਕ ਮਾਰਚ ਵਿਚ ਤਬਲੀਗੀ ਜਮਾਤ ਨੇ ਇਸ ਸਲਾਹ ਦੇ ਬਾਵਜੂਦ ਆਪਣਾ ਸਾਲਾਨਾ ਪ੍ਰੋਗਰਾਮ ਕੀਤਾ ਕਿ ਲੋਕਾਂ ਦੀ ਭੀੜ ਇਕੱਠੀ ਹੋਣ ਨਾਲ ਵਾਇਰਸ ਦਾ ਲਾਗ ਫੈਲ ਸਕਦਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਪੰਜ ਦਿਨਾਂ ਪ੍ਰੋਗਰਾਮ ਨੂੰ ਰੱਦ ਕਰਨ ਦੀ ਸਲਾਹ ਦਿੱਤੀ ਸੀ, ਜਿਸ ਵਿਚ ਕਈ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਸੀ।

ਤਬਲੀਗੀ ਜਮਾਤ ਦੇ ਮੈਂਬਰ ਨਾ ਸਿਰਫ ਪਾਕਿਸਤਾਨ ਸਗੋਂ ਭਾਰਤ, ਮਲੇਸ਼ੀਆ ਅਤੇ ਬਰੁਨੇਈ ਵਿਚ ਕੋਰੋਨਾ ਵਾਇਰਸ ਫੈਲਾਉਣ ਦੇ ਮੁੱਖ ਸ਼ੱਕੀਆਂ ਦੇ ਰੂਪ ਵਿਚ ਉਭਰੇ ਹਨ। ਇਸ ਦਰਮਿਆਨ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿਚ ਇਨਫੈਕਟਿਡ ਕੈਦੀਆਂ ਦੀ ਗਿਣਤੀ 100 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਕੁਲ ਕੋਰੋਨਾ ਵਾਇਰਸ ਇਨਫੈਕਟਿਡਾਂ ਦੀ ਗਿਣਤੀ 7260 ਹੋ ਗਈ ਹੈ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਮੁਤਾਬਕ ਪਾਕਿਸਤਾਨ ਵਿਚ ਹੁਣ ਤੱਕ 110 ਤੋਂ ਜ਼ਿਆਦਾ ਡਾਕਟਰ, ਨਰਸ ਅਤੇ ਪੈਰਾਮੈਡੀਕਲ ਸਟਾਫ ਕੋਰੋਨਾ ਨਾਲ ਇਨਫੈਕਟਿਡ ਹਨ।

ਜ਼ਿਕਰਯੋਗ ਹੈ ਕਿ ਕਲ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਤਬਲੀਗੀ ਜਮਾਤ ਨਾਲ ਜੁੜੇ 7 ਲੋਕਾਂ ਵਿਚੋਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੋ ਹਫਤੇ ਪਹਿਲਾਂ ਪਾਕਪੱਟਨ ਵਿਚ ਤਬਲੀਗੀ ਜਮਾਤ ਨਾਲ ਜੁੜੇ 198 ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਸੀ। ਸੋਮਵਾਰ ਨੂੰ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਆਈ। ਪਾਕਪੱਟਨ ਦੇ ਡਿਪਟੀ ਕਮਿਸ਼ਨਰ ਅਹਿਮਦ ਕਮਾਲ ਮਾਨ ਨੇ ਦੱਸਿਆ ਕਿ ਇਨ੍ਹਾਂ 198 ਲੋਕਾਂ ਵਿਚ ਇਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜਦੋਂ ਕਿ ਹੋਰ ਲੋਕਾਂ ਨੂੰ ਪੇਸ਼ਾਵਰ ਭੇਜਿਆ ਗਿਆ ਹੈ। ਅਜੇ ਵੀ 97 ਲੋਕਾਂ ਨੂੰ ਮਸਜਿਦਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਕੋਰੋਨਾ ਟੈਸਟ ਅਜੇ ਤੱਕ ਨਹੀਂ ਆਇਆ ਹੈ।

Sunny Mehra

This news is Content Editor Sunny Mehra