ਆਸਟ੍ਰੇਲੀਆ : ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ, ਯਾਤਰੀ ਹੋਏ ਪ੍ਰੇਸ਼ਾਨ

06/29/2019 4:28:13 PM

ਸਿਡਨੀ (ਸਨੀ ਚਾਂਦਪੁਰੀ)— ਅੱਜ ਸਵੇਰੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ । ਇਸ ਕਾਰਨ ਘੱਟ ਤੋਂ ਘੱਟ 10 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਕਈ ਉਡਾਣਾਂ 30 ਤੋਂ 45 ਮਿੰਟ ਦੀ ਦੇਰੀ ਨਾਲ ਉਡਾਣ ਭਰ ਸਕੀਆਂ। ਕੰਤਾਸ ਅਤੇ ਹੋਰ ਏਅਰਵੇਜ਼ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਿਡਨੀ ਸਿਟੀ ਤੇ ਓਪੇਰਾ ਹਾਊਸ , ਹਾਰਬਰ ਪੁਲ ਸੰਘਣੀ ਧੁੰਦ 'ਚ ਲੁਕਿਆ ਰਿਹਾ । ਧੁੰਦ ਦਾ ਅਸਰ ਸੜਕੀ ਆਵਾਜਾਈ 'ਤੇ ਵੀ ਦੇਖਣ ਨੂੰ ਮਿਲਿਆ । 

ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਠੰਡਾ ਰਹਿਣ ਦੇ ਆਸਾਰ ਬਣੇ ਰਹਿਣਗੇ । ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਤੋਂ ਬਾਅਦ ਹੁਣ ਸਿਡਨੀ ਨੂੰ ਧੁੰਦ ਦੀਆਂ ਚਾਦਰਾਂ ਲੁਕਾਈ ਬੈਠੀਆਂ ਹਨ । ਇਸ ਕਾਰਨ ਲੋਕਾਂ ਦਾ ਆਪਣੇ ਕੰਮਾਂ 'ਤੇ ਜਾਣਾ ਮੁਸ਼ਕਲ ਹੋ ਰਿਹਾ ਹੈ । ਲੋਕਾਂ ਨੂੰ ਆਵਾਜਾਈ ਸਮੇਂ ਵਧੇਰੇ ਧਿਆਨ ਦੇਣ ਲਈ ਸਲਾਹ ਦਿੱਤੀ ਗਈ ਹੈ।