ਆਸਟ੍ਰੇਲੀਆ : ਆਤਿਸ਼ਬਾਜ਼ੀ ਸ਼ੋਅ ਦੇਖਣ ਲਈ ਸਿਡਨੀ ਪੁੱਜੇ ਇਕ ਮਿਲੀਅਨ ਲੋਕ

12/31/2019 2:16:54 PM

ਪਰਥ— ਭਾਰਤ ਸਣੇ ਸਾਰੀ ਦੁਨੀਆ 'ਚ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਸਟ੍ਰੇਲੀਆ ਦਾ ਨਾਂ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਆਉਂਦਾ ਹੈ, ਜਿੱਥੇ ਪਹਿਲਾਂ ਦਿਨ ਚੜ੍ਹਦਾ ਹੈ ਤੇ ਨਵੇਂ ਸਾਲ ਦਾ ਸਵਾਗਤ ਵੀ ਪਹਿਲਾਂ ਕੀਤਾ ਜਾਂਦਾ ਹੈ। ਆਸਟ੍ਰੇਲੀਆ 'ਚ ਨਵੇਂ ਸਾਲ ਤੋਂ ਇਕ ਦਿਨ ਪਹਿਲੀ ਸ਼ਾਮ ਜਸ਼ਨ ਪੂਰੇ ਜੋਬਨ 'ਤੇ ਹੁੰਦਾ ਹੈ। ਥਾਂ-ਥਾਂ 'ਤੇ ਮਿਊਜ਼ਿਕ ਪਾਰਟੀਆਂ, ਆਰਕੈਸਟਰਾ ਅਤੇ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਜੰਗਲੀ ਅੱਗ ਕਾਰਨ ਇਸ ਵਾਰ ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ 'ਚ ਆਤਿਸ਼ਬਾਜ਼ੀ ਨਹੀਂ ਹੋਵੇਗੀ ਤੇ ਕਈ ਹੋਰ ਮਸ਼ਹੂਰ ਇਲਾਕਿਆਂ 'ਚ ਆਤਿਸ਼ਬਾਜ਼ੀ ਰੱਦ ਕੀਤੀ ਗਈ ਹੈ। ਜੰਗਲੀ ਅੱਗ ਤੇ ਗਰਮੀ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ ਹਨ ਪਰ ਫਿਰ ਵੀ ਦੁੱਖਾਂ ਨੂੰ ਭੁਲਾ ਕੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ 'ਚ ਰੁੱਝ ਗਏ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਨਵੇਂ ਸਾਲ ਦੀ ਖੁਸ਼ੀ 'ਚ ਭਾਰੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਸਿਡਨੀ ਦੀ ਆਤਿਸ਼ਬਾਜ਼ੀ ਦੇਖਣ ਲਈ ਤਾਂ ਦੇਸ਼-ਵਿਦੇਸ਼ ਦੇ ਲੋਕ ਇਕੱਠੇ ਹੋ ਜਾਂਦੇ ਹਨ। ਇਕ ਅੰਦਾਜ਼ੇ ਮੁਤਾਬਕ ਇਸ ਸਾਲ ਲਗਭਗ ਇਕ ਮਿਲੀਅਨ ਲੋਕ ਸਿਡਨੀ ਪੁੱਜ ਚੁੱਕੇ ਹਨ। ਕੁੱਝ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਜੰਗਲੀ ਅੱਗ ਕਾਰਨ ਸਿਡਨੀ 'ਚ ਵੀ ਆਤਿਸ਼ਬਾਜ਼ੀ ਸ਼ੋਅ ਨੂੰ ਰੱਦ ਕੀਤਾ ਜਾਵੇ ਪਰ ਅਧਿਕਾਰੀਆਂ ਦੀ ਰਾਇ ਹੈ ਕਿ ਵਿਦੇਸ਼ੀਆਂ ਵਲੋਂ ਹੋਟਲ ਅਤੇ ਫਲਾਈਟਸ ਬੁੱਕ ਕਰਵਾ ਲਈਆਂ ਗਈਆਂ ਹਨ, ਇਸ ਲਈ ਅਜਿਹਾ ਕਰਨਾ ਵਿੱਤੀ ਨੁਕਸਾਨ ਨੂੰ ਸੱਦਾ ਦੇਣਾ ਹੋਵੇਗਾ।

ਟਾਈਮ ਜ਼ੋਨ ਦੇ ਆਧਾਰ 'ਤੇ ਪਰਥ 'ਚ ਨਵੇਂ ਸਾਲ ਦੀ ਸ਼ੁਰੂਆਤ ਕੁੱਝ ਦੇਰ ਬਾਅਦ ਹੁੰਦੀ ਹੈ। ਇੱਥੇ ਅੱਜ ਅੱਧੀ ਰਾਤ ਤੋਂ ਤੜਕੇ 6 ਵਜੇ ਤਕ ਬੱਸਾਂ, ਟਰੇਨਾਂ ਅਤੇ ਕਿਸ਼ਤੀਆਂ 'ਚ ਸਫਰ ਕਰਨਾ ਬਿਲਕੁਲ ਮੁਫਤ ਹੋਵੇਗਾ। ਟਰਾਂਸਪੋਰਟ ਮੰਤਰੀ ਰੀਟਾ ਸਾਫੀਓਟੀ ਨੇ ਕਿਹਾ ਕਿ ਲੋਕ ਨਵੇਂ ਸਾਲ 'ਤੇ ਘੁੰਮਣ-ਫਿਰਨ ਅਤੇ ਪਾਰਟੀ ਕਰਨ ਲਈ ਇਕੱਠੇ ਹੁੰਦੇ ਹਨ। ਉਨ੍ਹਾਂ ਹਿਦਾਇਤ ਦਿੰਦਿਆ ਕਿਹਾ ਕਿ ਉਹ ਸ਼ਰਾਬੀ ਡਰਾਈਵਰਾਂ ਨੂੰ ਬਖਸ਼ਣਗੇ ਨਹੀਂ। ਇਸ ਦੇ ਨਾਲ ਹੀ ਸਮਾਜ ਵਿਰੋਧੀ ਵਿਵਹਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਬਿਨਾ ਕਿਸੇ ਝਗੜੇ ਦੇ ਨਵੇਂ ਸਾਲ ਦਾ ਜਸ਼ਨ ਮਨਾਉਣ। ਦੇਸ਼ ਭਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।