ਇਟਲੀ, ਸਪੇਨ ''ਚ ''ਕੋਰੋਨਾ ਤਬਾਹੀ'' ਵਿਚਕਾਰ ਹੁਣ ਸਵੀਡਨ ''ਚ ਵੱਜੀ ਵੱਡੇ ਖਤਰੇ ਦੀ ਘੰਟੀ

04/07/2020 12:41:19 AM

ਸਟਾਕਹੋਮ : ਸਵੀਡਨ ਦੇ ਪ੍ਰਧਾਨ ਮੰਤਰੀ ਇਸ ਵਕਤ ਸੁਰਖੀਆਂ ਵਿਚ ਹਨ ਕਿਉਂਕਿ ਉਨ੍ਹਾਂ ਨੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ “ਹਜ਼ਾਰਾਂ” ਕੋਰੋਨਾ ਵਾਇਰਸ ਮੌਤਾਂ ਲਈ ਤਿਆਰ ਰਹਿਣ ਪਰ ਡਾਕਟਰਾਂ ਦੀਆਂ ਬੇਨਤੀਆਂ ਦੇ ਬਾਵਜੂਦ ਦੇਸ਼ ਨੂੰ ਪੂਰੀ ਤਰ੍ਹਾਂ ਲਾਕਡਾਊਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 'ਦਿ ਸਨ' ਦੀ ਰਿਪੋਰਟ ਮੁਤਾਬਕ, 2300 ਡਾਕਟਰਾਂ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਸਵੀਡਨ ਦੇ ਪ੍ਰਧਾਨ ਮੰਤਰੀ ਨੇ ‘ਹਜ਼ਾਰਾਂ ਕੋਰੋਨਾ ਵਾਇਰਸ ਮੌਤਾਂ’ ਦੀ ਚਿਤਾਵਨੀ ਹੀ ਦਿੱਤੀ ਤੇ ਲਾਕਡਾਊਨ ਤੋਂ ਇਨਕਾਰ ਕਰ ਦਿੱਤਾ।

ਸਵੀਡਨ ਵਿਚ ਹੁਣ ਤੱਕ 401 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,830 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਵਿਚਕਾਰ ਸਵੀਡਸ਼ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਆਪਣੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਲਦ ਹੀ ਮੌਤਾਂ ਦੀ ਗਿਣਤੀ ਵਿਚ ਇਕ ਧਮਾਕੇਦਾਰ ਵਾਧਾ ਹੋਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਇੱਥੇ ਗੰਭੀਰ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੌਤਾਂ ਵਿਚ ਜ਼ੋਰਦਾਰ ਉਛਾਲ ਦਿਸ ਸਕਦਾ ਹੈ। ਸਾਨੂੰ ਉਸ ਲਈ ਤਿਆਰੀ ਰਹਿਣ ਦੀ ਜ਼ਰੂਰਤ ਹੈ। ਸਵੀਡਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਤਰ੍ਹਾਂ ਲਾਕਡਾਊਨ ਬੇਲੋੜਾ ਹੈ, ਲੋਕਾਂ ਨੂੰ ਸਿਆਣਿਆਂ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ ਤੇ ਜੇਕਰ ਉਹ ਬੀਮਾਰ ਹੁੰਦੇ ਹਨ ਤਾਂ ਸਮਾਜਿਕ ਦੂਰੀ ਰੱਖਣੀ ਚਾਹੀਦੀ ਹੈ।

ਰਿਪੋਰਟ ਮੁਤਾਬਕ, ਸਾਰੇ ਪਾਸਿਓਂ ਅਲੋਚਨਾ ਸੁਣਨ ਪਿੱਛੋਂ ਸਵੀਡਨ ਨੇ ਹੁਣ ਜਾ ਕੇ ਕੁਝ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਸਖਤ ਕੀਤਾ ਹੈ। ਹੁਣ 49 ਤੋਂ ਵੱਧ ਲੋਕ ਕਿਸੇ ਵੀ ਜਗ੍ਹਾ ਇਕੱਠੇ ਨਹੀਂ ਹੋ ਸਕਦੇ, ਪਹਿਲਾਂ ਇਹ ਪਾਬੰਦੀ 499 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਲਾਈ ਗਈ ਸੀ। ਇੰਨੀ ਢਿੱਲ 'ਤੇ ਡਾਕਟਰਾਂ ਨੇ ਚਿੰਤਾ ਜਤਾਈ ਹੈ। ਕੈਰੋਲਿੰਸਕਾ ਇੰਸਟੀਚਿਊਟ ਦੇ ਵਾਇਰਸ ਮਾਹਰ ਨੇ ਕਿਹਾ, “ਅਸੀਂ ਕਾਫੀ ਟੈਸਟ ਨਹੀਂ ਕਰ ਰਹੇ, ਟਰੈਕਿੰਗ ਨਹੀਂ ਹੋ ਰਹੀ, ਵਾਇਰਸ ਫੈਲਣ ਦਾ ਵੱਡਾ ਖਤਰਾ ਹੈ। ਵੱਡੀ ਤਬਾਹੀ ਵੱਲ ਜਾ ਰਹੇ ਹਾਂ" ਕੋਰੋਨਾ ਵਾਇਰਸ ਸੰਕਟ ਵਿਚਕਾਰ ਸਵੀਡਨ ਵਿਚ ਦੁਕਾਨਾਂ ਖੁੱਲੀਆਂ ਹਨ, ਲੋਕ ਵੱਡੀ ਗਿਣਤੀ ਵਿਚ ਖੁੱਲ੍ਹੇ ਘੁੰਮ ਰਹੇ ਹਨ।

Sanjeev

This news is Content Editor Sanjeev