ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ ''ਚ ਦੋਸ਼ੀ ਠਹਿਰਾਈ ਗਈ ਸੂ ਕੀ, ਹੁਣ ਕੱਟਣੀ ਪਵੇਗੀ 26 ਸਾਲ ਦੀ ਸਜ਼ਾ

10/12/2022 11:47:25 AM

ਬੈਂਕਾਕ (ਏਜੰਸੀ): ਫੌਜ ਸ਼ਾਸਿਤ ਮਿਆਂਮਾਰ ਦੀ ਇਕ ਅਦਾਲਤ ਨੇ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਉਨ੍ਹਾਂ ਨੂੰ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਕੁੱਲ 26 ਸਾਲ ਦੀ ਸਜ਼ਾ ਭੁਗਤਣੀ ਪਵੇਗੀ। ਜ਼ਿਕਰਯੋਗ ਹੈ ਕਿ 1 ਫਰਵਰੀ, 2021 ਨੂੰ ਮਿਆਂਮਾਰ ਦੀ ਫੌਜ ਨੇ ਦੇਸ਼ ਦੀ ਵਾਗਡੋਰ ਸੰਭਾਲ ਲਈ ਸੀ ਅਤੇ ਸੂ ਕੀ (77) ਅਤੇ ਮਿਆਂਮਾਰ ਦੇ ਕਈ ਪ੍ਰਮੁੱਖ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸੂ ਕੀ 'ਤੇ ਕਈ ਸਾਲ ਪਹਿਲਾਂ ਡਰੱਗ ਤਸਕਰੀ ਦੇ ਦੋਸ਼ੀ ਮੌਂਗ ਵੀਕਸ ਤੋਂ 550,000 ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ 'ਚ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 

ਸੂ ਕੀ ਨੂੰ ਪਹਿਲਾਂ ਹੀ ਗੈਰ-ਕਾਨੂੰਨੀ ਤੌਰ 'ਤੇ ਵਾਕੀ-ਟਾਕੀਜ਼ ਨੂੰ ਨੂੰ ਆਯਾਤ ਕਰਨ ਅਤੇ ਰੱਖਣ, ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ, ਦੇਸ਼ਧ੍ਰੋਹ ਅਤੇ ਭ੍ਰਿਸ਼ਟਾਚਾਰ ਲਈ 23 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਨਵੇਂ ਕੇਸਾਂ ਵਿੱਚ ਸੁਣਾਈ ਗਈ ਸਜ਼ਾ ਨਾਲੋ-ਨਾਲ ਚੱਲੇਗੀ। ਅਜਿਹੇ 'ਚ ਸੂ ਕੀ ਨੂੰ ਹੁਣ ਕੁੱਲ 26 ਸਾਲ ਜੇਲ 'ਚ ਕੱਟਣੇ ਪੈਣਗੇ। ਸਮਰਥਕਾਂ ਅਤੇ ਸੁਤੰਤਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਸੂ ਕੀ ਨੂੰ ਅਗਲੀਆਂ ਚੋਣਾਂ ਲੜਨ ਤੋਂ ਬਦਨਾਮ ਕਰਨ ਅਤੇ ਫੌਜ ਦੇ ਸੱਤਾ 'ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਕੀਤੇ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਤੁਲਸੀ ਗੈਬਾਰਡ ਨੇ ਛੱਡੀ ਡੈਮੋਕ੍ਰੈਟਿਕ ਪਾਰਟੀ, ਲਗਾਏ ਨਸਲਵਾਦ ਦੇ ਗੰਭੀਰ ਦੋਸ਼

ਵੱਖ-ਵੱਖ ਮਾਮਲਿਆਂ 'ਤੇ ਸੂ ਕੀ ਦੀਆਂ ਲਗਾਤਾਰ ਸਜ਼ਾਵਾਂ ਨੇ ਉਸਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਫੌਜ ਨੇ 2023 ਵਿੱਚ ਦੇਸ਼ ਵਿੱਚ ਨਵੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਪਿਛਲੀਆਂ ਆਮ ਚੋਣਾਂ ਵਿੱਚ ਸੂ ਕੀ ਦੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਪਰ ਫੌਜ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਵੱਡੇ ਪੱਧਰ 'ਤੇ ਧਾਂਦਲੀ ਹੋਈ ਸੀ।

Vandana

This news is Content Editor Vandana