ਮੈਲਬੌਰਨ 'ਚ ਕੋਰਟ ਦੇ ਨੇੜੇ ਬੱਸ 'ਚੋਂ ਮਿਲਿਆ ਸ਼ੱਕੀ ਸਾਮਾਨ

05/26/2018 12:37:08 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸ਼ੱਕੀ ਸਾਮਾਨ ਮਿਲਣ ਕਾਰਨ ਸਨਸਨੀ ਫੈਲ ਗਈ। ਦਰਅਸਲ ਮੈਲਬੌਰਨ ਮੈਜਿਸਟ੍ਰੇਟ ਕੋਰਟ ਦੇ ਨੇੜੇ ਇਕ ਬੱਸ'ਚੋਂ ਸ਼ੱਕੀ ਸਾਮਾਨ ਹੋਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬੰਬ ਰੋਕੂ ਦਸਤਾ ਮੌਕੇ 'ਤੇ ਪੁੱਜਾ। ਬੰਬ ਰੋਕੂ ਦਸਤੇ ਵਲੋਂ ਸ਼ੱਕੀ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਕਿੰਗ ਅਤੇ ਲੋਨਜ਼ਡੇਲ ਸਟਰੀਟ 'ਚ ਖੜ੍ਹੀ ਬੱਸ ਦੀ ਸੁਰੱਖਿਅਤ ਜਾਂਚ ਕੀਤੀ ਗਈ। ਵਿਕਟੋਰੀਆ ਪੁਲਸ ਵਲੋਂ ਬੱਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਇਹ ਘਟਨਾ ਸ਼ਨੀਵਾਰ ਦੀ ਦੁਪਹਿਰ ਦੀ ਹੈ। 


ਵਿਕਟੋਰੀਆ ਪੁਲਸ ਨੇ ਉਂਝ ਇਲਾਕੇ ਨੂੰ ਸੁਰੱਖਿਅਤ ਦੱਸਿਆ ਹੈ ਪਰ ਪੁਲਸ ਸ਼ੱਕੀ ਸਾਮਾਨ ਮਿਲਣ ਤੋਂ ਬਾਅਦ ਅਲਰਟ ਹੋ ਗਈ ਹੈ। ਕਿੰਗ ਲੋਨਜ਼ਡੇਲ ਸਟਰੀਟ ਅਤੇ ਨਾਲ ਲੱਗਦੇ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਅਧਿਕਾਰੀ ਤਾਇਨਾਤ ਹਨ। ਰੋਡ ਬੰਦ ਕਰਨ ਦੇਣ ਨਾਲ ਇਲਾਕੇ ਵਿਚ ਆਵਾਜਾਈ ਜਾਮ ਹੋ ਗਈ ਅਤੇ ਪੁਲਸ ਵਲੋਂ ਵਾਹਨਾਂ ਨੂੰ ਦੂਜੇ ਰਸਤਿਓਂ ਲੰਘਾਇਆ ਗਿਆ।