ਸੁਸ਼ਮਾ ਸਵਰਾਜ ਇਸ ਹਫਤੇ ਦੇ ਅੰਤ ''ਚ ਕਰੇਗੀ ਚੀਨ ਦਾ ਦੌਰਾ

04/17/2018 12:12:38 PM

ਬੀਜਿੰਗ(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ) ਵਿਚ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਇਸ ਹਫਤੇ ਚੀਨ ਜਾਏਗੀ। ਇਸ ਦੌਰਾਨ ਉਹ ਚੀਨ ਦੇ ਆਪਣੇ ਹਮ-ਰੁਤਬਾ ਵਾਂਗ ਯੀ ਨਾਲ ਵੀ ਮੁਲਾਕਾਤ ਕਰੇਗੀ। ਅਧਿਕਾਰਤ ਸੂਤਰਾਂ ਨੇ ਇੱਥੇ ਦੱਸਿਆ ਕਿ ਸੁਸ਼ਮਾ 21 ਅਪ੍ਰੈਲ ਨੂੰ ਚੀਨ ਪਹੁੰਚੇਗੀ ਅਤੇ 22 ਅਪ੍ਰੈਲ ਨੂੰ ਉਨ੍ਹਾਂ ਦੀ ਵਾਂਗ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਐਸ.ਸੀ.ਓ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਉਹ 24 ਅਪ੍ਰੈਲ ਨੂੰ ਸ਼ਾਮਲ ਹੋਵੇਗੀ। ਵਾਂਗ ਵਿਦੇਸ਼ ਮੰਤਰੀ ਦੇ ਨਾਲ-ਨਾਲ ਸਟੇਟ ਕੌਂਸਲਰ ਵੀ ਹਨ। ਪਿਛਲੇ ਮਹੀਨੇ ਵਾਂਗ ਦੇ ਸਟੇਟ ਕੌਂਸਲਰ ਬਣਨ ਤੋਂ ਬਾਅਦ ਸੁਸ਼ਮਾ ਦੀ ਉਨ੍ਹਾਂ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ।
ਚੀਨ ਦੇ ਦੌਰੇ ਤੋਂ ਬਾਅਦ ਸੁਸ਼ਮਾ ਮੇਗਨੋਲੀਆ ਜਾਏਗੀ। ਸੁਸ਼ਮਾ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦਾ ਚੀਨ ਦੌਰਾਨ ਲੱਗਭਗ ਇਕ ਹੀ ਸਮੇਂ ਪੈ ਰਿਹਾ ਹੈ। ਸੀਤਾਰਮਣ 24 ਅਪ੍ਰੈਲ ਨੂੰ ਐਸ.ਸੀ.ਓ ਰੱਖਿਆ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਣ ਵਾਲੀ ਹੈ। 8 ਮੈਂਬਰੀ ਸਮੂਹ ਦੇ ਜੂਨ ਵਿਚ ਹੋਣ ਵਾਲੇ ਸੰਮੇਲਨ ਤੋਂ ਪਹਿਲਾਂ ਐਸ.ਸੀ.ਓ ਦੀ ਇਹ ਬੈਠਕਾਂ ਹੋ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਇਸ ਸਮੂਹ ਦੇ ਨਵੇਂ ਮੈਂਬਰ ਬਣੇ ਹਨ। ਜੂਨ ਵਿਚ ਚੀਨ ਦੇ ਸ਼ਹਿਰ ਕਵਿੰਗਦਾਓ ਵਿਚ ਹੋਣ ਵਾਲੇ ਐਸ.ਸੀ.ਓ ਸੰਮੇਲਨ ਵਿਚ ਪੀ. ਐਮ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਐਸ.ਸੀ.ਓ ਬੈਠਕਾਂ ਵਿਚ 24 ਅਪ੍ਰੈਲ ਨੂੰ ਪਾਕਿਸਤਾਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਸ਼ਾਮਲ ਹੋ ਸਕਦੇ ਹਨ। ਐਸ.ਸੀ.ਓ ਵਿਚ ਚੀਨ, ਕਜਾਖਿਸਤਾਨ, ਕਿਰਗਿਸਤਾਨ, ਰੂਸ, ਤਾਜੀਕਿਸਤਾਨ, ਉਜਵੇਕਿਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹੋਣਗੇ।
ਸੁਸ਼ਮਾ ਅਤੇ ਸੀਤਾਰਮਣ ਦੇ ਇਹ ਦੌਰੇ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਭਾਰਤ ਅਤੇ ਚੀਨ ਪਿਛਲੇ ਸਾਲ ਦੇ ਡੋਕਲਾਮ ਗਤੀਰੋਧ ਕਾਰਨ ਪੈਦਾ ਹੋਏ ਤਣਾਅ ਨੂੰ ਦੂਰ ਕਰਨ ਲਈ ਉਚ ਪੱਧਰ 'ਤੇ ਗੱਲਬਾਤ ਕਰ ਰਹੇ ਹਨ। ਬੀਤੀ 13 ਅਪ੍ਰੈਲ ਨੂੰ ਰਾਸ਼ਟਰੀ ਸੁੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਕਮਿਸ਼ਨ ਦੇ ਨਿਦੇਸ਼ਕ ਯਾਂਗ ਜੀਚੀ ਨਾਲ ਸ਼ੰਘਾਈ ਵਿਚ ਮੁਲਾਕਾਤ ਕੀਤੀ ਸੀ। ਉਨ੍ਹਾਂ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀ ਦਿਸ਼ਾ ਵਿਚ ਡੂੰਘਾਈ ਨਾਲ ਗੱਲਬਾਤ ਹੋਈ ਸੀ।