ਫਰਿਜ਼ਨੋ ਵਿਖੇ ਸੁਸ਼ੀਲ ਦੁਸਾਂਝ ਤੇ ਸੁਖਦੇਵ ਸਾਹਿਲ ਹੋਏ ਸਰੋਤਿਆਂ ਨਾਲ ਰੂਬਰੂ

10/04/2023 6:11:11 PM

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਲੰਘੇ ਐਤਵਾਰ ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਵਲੋਂ, ਪੰਜਾਬ ਤੋਂ ਕੈਲੇਫੋਰਨੀਆ ਦੀ ਫੇਰੀ ਤੇ ਆਏ ਪੱਤਰਕਾਰ, ਸ਼ਾਇਰ ਅਤੇ ਪੰਜਾਬੀ ਦੇ ਪ੍ਰਸਿਧ ਰਸਾਲੇ ਹੁਣ ਦੇ ਮੁਖ ਸੰਪਾਦਕ ਸੁਸ਼ੀਲ ਦੁਸਾਂਝ ਨਾਲ ਰੂਬਰੂ ਕੀਤਾ ਗਿਆ। ਸੁਸ਼ੀਲ ਦੁਸਾਂਝ 23 ਸਤੰਬਰ ਨੂੰ ਇੰਡੋ-ਅਮੈਰੀਕਨ ਦੇਸ਼ ਭਗਤ ਫਾਉਡੇਸ਼ਨ ਬੇ-ਏਰੀਆ ਵਲੋਂ ਮਿਲਪੀਟਸ ਸ਼ਹਿਰ ਵਿਚ ਕਰਵਾਏ ਗਏ ਗਦਰੀ ਬਾਬਿਆ ਦੇ ਮੇਲੇ ਵਿਚ ਮੁਖ ਬੁਲਾਰੇ ਵਜੋਂ ਸ਼ਾਮਲ ਹੋਣ ਲਈ ਆਏ ਸਨ।

ਫੋਰਮ ਦੇ ਪ੍ਰਧਾਨ ਨਵਦੀਪ ਸਿੰਘ ਧਾਲੀਵਾਲ ਦੇ ਘਰ ਵਿਚ ਹੋਏ ਇਸ ਸਮਾਗਮ ਵਿਚ ਫੋਰਮ ਦੇ ਸਾਰੇ ਮੈਂਬਰ ਅਤੇ ਫਰਿਜਨੋ ਇਲਾਕੇ ਦੇ ਹੋਰ ਬਹੁਤ ਸਾਰੇ ਦੋਸਤ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸੁਸ਼ੀਲ ਦੁਸਾਂਝ ਦੇ ਨਾਲ ਉਨਾਂ ਦੇ ਪਰਮ ਮਿੱਤਰ ਅਤੇ ਸਾਡੇ ਸਾਰਿਆਂ ਲਈ ਜਾਣੇ ਪਹਿਚਾਣੇ ਸੁਰੀਲੇ ਗਾਇਕ ਸੁਖਦੇਵ ਸਾਹਿਲ ਵੀ ਇਸ ਮਹਿਫਲ ਵਿਚ ਸ਼ਾਮਲ ਹੋਏ। ਫੋਰਮ ਦੇ ਸਕੱਤਰ ਹਰਜਿੰਦਰ ਢੇਸੀ ਨੇ ਸੁਸ਼ੀਲ ਦੁਸਾਂਝ ਨਾਲ ਆਏ ਸਰੋਤਿਆਂ ਦੀ ਸੰਖੇਪ ਵਿਚ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਉਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿਤਾ। ਦੁਸਾਂਝ ਹੋਣਾਂ ਨੇ ਆਪਣੀ ਭਾਵਪੂਰਤ ਤਕਰੀਰ ਵਿਚ ਪੰਜਾਬ ਦੇ ਮੌਜੂਦਾ ਹਾਲਤਾਂ ਅਤੇ ਭਾਰਤ ਦੀ ਰਾਜਨੀਤਿਕ ਤਸਵੀਰ ਪੇਸ਼ ਕੀਤੀ।

ਇਹ ਵੀ ਪੜ੍ਹੋ : ਕਰਨਾਲ ਤੋਂ ਆਇਆ ਸਾਢੇ 3 ਸਾਲ ਦਾ ਟੌਮੀ ਕਰੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ

ਉਨਾਂ ਨੇ ਕਿਸਾਨ ਮੋਰਚੇ ਵਿਚ ਹੋਈ ਲੋਕਾਂ ਦੇ ਏਕੇ ਦੀ ਇਤਿਹਾਸਕ ਜਿਤ ਦਾ ਜਿਕਰ ਕਰਦਿਆਂ ਇਹ ਭਰੋਸਾ ਪ੍ਰਗਟਾਇਆ ਭਾਵੇਂ ਸਰਮਾਏਦਾਰੀ ਭਰਿਸ਼ਟ ਸਰਕਾਰਾਂ ਦਾ ਸਹਾਰਾ ਲੈ ਕੇ ਆਪਣਾ ਅਗਲਾ ਦਾਅ ਖੇਡਣ ਲਈ ਤਿਆਰ ਬੈਠੀ ਹੈ ਪਰ ਕਿਸਾਨ ਮੋਰਚੇ ਦੀ ਉਹ ਇਤਿਹਾਸਕ ਜਿਤ ਆਉਣ ਵਾਲੀਆਂ ਲੋਕ ਲਹਿਰਾਂ ਲਈ ਪਿਠਭੂਮੀ ਦਾ ਕੰਮ ਕਰੇਗੀ। ਉਨਾਂ ਨੇ ਸੰਸਾਰ ਭਰ ਦੀ ਸਰਮਾਏਦਾਰੀ ਦੀ ਸਾਂਝ ਭਿਆਲੀ ਵਲ ਇਸ਼ਾਰਾ ਕਰਦਿਆਂ ਦੁਨੀਆਂ ਭਰ ਦੀਆਂ ਲੋਕ ਲਹਿਰਾਂ ਨੂੰ ਵੀ ਇਕ ਮੁਠ ਹੋਣ ਦੀ ਲੋੜ ਵੱਲ ਧਿਆਨ ਦਵਾਇਆ। ਉਨਾਂ ਨੇ ਆਪਣੀ ਮਸ਼ਹੂਰ ਕਵਿਤਾ ‘ਬਿਲਗੇਟਸ’ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਇਕੱਤਰਤਾ ਵਿਚ ਫਰਿਜਨੋ ਇਲਾਕੇ ਦੇ ਬਹੁਤ ਸਾਰੇ ਸ਼ਾਇਰ ਤੇ ਲੇਖਕ ਵੀ ਮੌਜੂਦ ਸਨ, ਜਿਨਾਂ ਦੀ ਹਾਜ਼ਰੀ ਨਾਲ ਇਹ ਪ੍ਰੋਗਰਾਮ ਇਕ ਵਧੀਆਂ ਕਵੀ ਦਰਬਾਰ ਵੀ ਹੋ ਨਿਬੜਿਆ।

ਸੁਸ਼ੀਲ ਦੁਸਾਂਝ ਦੀ ਕਵਿਤਾ ਤੋਂ ਬਾਅਦ ਪਵਿੱਤਰ ਕੌਰ ਮਾਟੀ, ਸੰਤੋਖ ਸਿੰਘ ਮਿਨਹਾਸ, ਰਣਜੀਤ ਗਿੱਲ, ਸਾਧੂ ਸਿੰਘ ਸੰਘਾ, ਸੁਖੀ ਧਾਲੀਵਾਲ, ਹਰਜਿੰਦਰ ਢੇਸੀ ਅਤੇ ਹਰਜਿੰਦਰ ਕੰਗ ਨੇ ਵੀ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਪ੍ਰੋਫੈਸਰ ਦਰਸ਼ਨ ਸਿੰਘ, ਅਵਤਾਰ ਗੋਦਾਰਾ, ਡਾ ਮਲਕੀਤ ਸਿੰਘ ਕਿੰਗਰਾ ਅਤੇ ਸੁਰਿੰਦਰ ਸਿੰਘ ਮੰਢਾਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ॥ ਕਵੀ ਦਰਬਾਰ ਤੋਂ ਬਾਅਦ ਸੁਖਦੇਵ ਸਾਹਿਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਨਮੋਹਕ ਗੀਤ ਪੇਸ਼ ਕਰਕਿ ਇਸ ਮਹਿਫਲ ਨੂੰ ਸਿਖਰ ਤੇ ਪਹੁੰਚਾ ਦਿਤਾ। ਖਾਸ ਕਰਕੇ ਉਨ੍ਹਾਂ ਵਲੋਂ ਗਾਇਆ ਸੂਫੀਆਨਾ ਗੀਤ ‘ਤਕਲੇ ਦੇ ਵਲ ਕੱਢ ਲੈ’, ਲੋਕਾਂ ਨੇ ਬਹੁਤ ਪਸੰਦ ਕੀਤਾ।

ਇਸ ਮਹਿਫਲ ਵਿਚ ਇਕੱਤਰ ਦੋਸਤਾਂ ਵਲੋਂ ‘ਹੁਣ’ ਰਸਾਲੇ ਲਈ ਵੀ ਕਾਫੀ ਉਤਸ਼ਾਹ ਸੀ ਅਤੇ ਕਈ ਦੋਸਤਾਂ ਨੇ ਆਉਣ ਵਾਲੇ ਸਾਲਾਂ ਲਈ ਇਸ ਦਾ ਚੰਦਾ ਭਰ ਕੇ ਆਪਣਾ ਵਿਸ਼ਵਾਸ਼ ਪ੍ਰਗਟਾਇਆ। ਯਾਦ ਰਹੇ ਕਿ ਸੁਸ਼ੀਲ ਦੁਸਾਂਝ ਹੁਣੇ ਹੁਣੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਵੀ ਚੁਣੇ ਗਏ ਹਨ, ਪ੍ਰਸਿਧ ਸ਼ਾਇਰ ਦਰਸ਼ਨ ਬੁੱਟਰ ਇਸ ਸਭਾ ਦੇ ਪ੍ਰਧਾਨ ਹਨ। ਸੁਸ਼ੀਲ ਦੁਸਾਂਝ ਦੇ ਸੱਦੇ 'ਤੇ ਕੁਝ ਦੋਸਤਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਲਈ ਮਾਇਕ ਸਹਾਇਤਾ ਵੀ ਦਿੱਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha