ਬਹਾਦਰ ਮਾਂ ਨੇ ਬਚਾਈ ਆਪਣੇ ਬੱਚਿਆਂ ਦੀ ਜਾਨ, ਅੱਗ ਕਾਰਨ ਨੁਕਸਾਨਿਆ ਗਿਆ ਪੂਰਾ ਘਰ

11/11/2017 1:38:30 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਸਿਡਨੀ 'ਚ ਇਕ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਘਰ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਰ 'ਚ ਰਹਿਣ ਵਾਲੇ ਸਾਰੇ ਲੋਕ ਸੁਰੱਖਿਅਤ ਹਨ। ਘਰ 'ਚ ਮਾਂ ਆਪਣੇ 5 ਬੱਚਿਆਂ ਨਾਲ ਰਹਿੰਦੀ ਸੀ। ਮਾਂ ਨੇ ਬਹੁਤ ਹੀ ਬਹਾਦਰੀ ਨਾਲ ਆਪਣੇ ਬੱਚਿਆਂ ਨੂੰ ਬਚਾਇਆ। ਔਰਤ ਦੀ 5 ਸਾਲਾ ਬੇਟੀ ਆਪਣੀ ਮਾਂ ਨੂੰ 'ਸੁਪਰ ਮੌਮ' ਕਹਿ ਕੇ ਬੁਲਾ ਰਹੀ ਹੈ। 


ਆਸਟ੍ਰੇਲੀਆ ਦੇ ਸੈਂਟ ਕਲੇਅਰ ਸਥਿਤ 37 ਸਾਲਾ ਸ਼ੈਰੌਨ ਮੈਕਕੀਆਨ ਨਾਂ ਦੀ ਔਰਤ ਆਪਣੇ ਬੱਚਿਆਂ ਨਾਲ ਘਰ ਵਿਚ ਰਹਿੰਦੀ ਸੀ। ਸ਼ੁੱਕਰਵਾਰ ਦੀ ਸ਼ਾਮ ਨੂੰ 6.00 ਵਜੇ ਦੇ ਕਰੀਬ ਉਸ ਨੇ ਜਦੋਂ ਆਪਣੇ ਘਰ ਦੇ ਅੰਦਰ ਧੂੰਆਂ ਨਿਕਲਦੇ ਦੇਖਿਆ ਤਾਂ ਉਹ ਛੇਤੀ ਹੀ ਬਾਹਰ ਦੌੜੀ। ਉਸ ਨੇ ਅੱਗ ਦੀਆਂ ਲਪਟਾਂ 'ਚੋਂ ਆਪਣੇ ਬੱਚਿਆਂ ਨੂੰ ਬਾਹਰ ਕੱਢਿਆ, ਉਹ ਕਈ ਵਾਰ ਘਰ ਅੰਦਰ ਗਈ ਅਤੇ ਆਪਣੇ ਬੱਚਿਆਂ ਨੂੰ ਬਚਾਇਆ। ਮੌਕੇ 'ਤੇ ਪੁੱਜੇ ਫਾਇਰ ਫਾਈਟਰ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ। 
ਸ਼ੈਰੌਨ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ ਸਭ ਕੁਝ ਨੁਕਸਾਨਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਅੱਗ ਘਰ ਦੇ ਬੈੱਡਰੂਮ 'ਚ ਲੱਗੀ ਅਤੇ ਫਿਰ ਇਹ ਸਾਰੇ ਘਰ 'ਚ ਫੈਲ ਗਈ। ਘਰ ਦੀ ਪਿਛਲੇ ਸਾਲ ਹੀ ਮੁਰੰਮਤ ਕੀਤੀ ਗਈ, ਜੋ ਕਿ ਅੱਗ ਕਾਰਨ ਨੁਕਸਾਨਿਆ ਗਿਆ। ਸਥਾਨਕ ਲੋਕ ਸ਼ੈਰੌਨ ਦੇ ਬੱਚਿਆਂ ਨੂੰ ਖਿਡੌਣੇ ਅਤੇ ਕੱਪੜੇ ਦਾਨ ਵਜੋਂ ਦੇ ਰਹੇ ਹਨ।