ਚੀਨ ''ਚ 720 ਡਿਗਰੀ ਦ੍ਰਿਸ਼ ਵਾਲੇ ਬੌਡੀ ਕੈਮਰੇ ਦਾ ਪਰੀਖਣ

02/07/2018 10:43:54 AM

ਬੀਜਿੰਗ (ਬਿਊਰੋ)— ਚੀਨ ਵਿਚ ਤਕਨੀਕ ਦੀ ਮਦਦ ਨਾਲ ਸੁਰੱਖਿਆ ਇੰਤਜ਼ਾਮ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ। ਹੁਣ ਚੀਨ ਦੇ ਪੁਲਸ ਅਧਿਕਾਰੀ ਜਲਦੀ ਹੀ 720 ਡਿਗਰੀ ਵਿਊ (ਦ੍ਰਿਸ਼) ਵਾਲੇ ਬੌਡੀ ਕੈਮਰਿਆਂ ਨਾਲ ਲੈਸ ਕੀਤੇ ਜਾ ਸਕਦੇ ਹਨ। ਇਹ ਚਿਹਰੇ ਅਤੇ ਸੰਕੇਤ ਮਾਨਤਾ ਤਕਨਾਲੋਜੀ ਨਾਲ ਲੈਸ ਹਨ ਮਤਲਬ ਸ਼ੱਕੀ ਦੇ ਚਿਹਰੇ ਅਤੇ ਸੰਕੇਤਾਂ ਨੂੰ ਪਛਾਣ ਲੈਂਦਾ ਹੈ। ਇਸ ਦੀ ਮਦਦ ਨਾਲ ਪੁਲਸ ਅਧਿਕਾਰੀਆਂ ਨੂੰ ਸਹੀ ਸਮੇਂ 'ਤੇ ਲੋੜੀਂਦੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿਚ ਆਸਾਨੀ ਹੋ ਸਕਦੀ ਹੈ। ਫਿਲਹਾਲ ਇਸ ਦਾ ਟ੍ਰਾਇਲ ਚੱਲ ਰਿਹਾ ਹੈ। ਜੇ ਇਹ ਪਹਿਲ ਕਾਰਗਰ ਹੁੰਦੀ ਹੈ ਤਾਂ ਅਪਰਾਧੀਆਂ ਲਈ ਕਾਫੀ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ। 
ਗੌਰਤਲਬ ਹੈ ਕਿ ਬੀਤੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਬੌਡੀ ਕੈਮਰੇ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ। ਵਰਤਮਾਨ ਸਮੇਂ ਵਿਚ ਆਮ ਤੌਰ 'ਤੇ ਦੁਨੀਆ ਭਰ ਦੇ ਪੁਲਸ ਅਧਿਕਾਰੀ ਇਸ ਦੀ ਵਰਤੋਂ ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਦੇ ਉਪਕਰਣਾਂ ਦੀ ਤਕਨਾਲੋਜੀ ਹਾਲੇ ਵੀ ਕਾਫੀ ਹੇਠਲੇ ਪੱਧਰ 'ਤੇ ਹੈ। ਆਮ ਤੌਰ 'ਤੇ ਕੈਮਰੇ ਨੂੰ ਛਾਤੀ ਦੇ ਪੱਧਰ ਤੱਕ ਪਾਇਆ ਜਾਂਦਾ ਹੈ ਅਤੇ ਇਹ 130 ਤੋਂ 170 ਡਿਗਰੀ ਦੇ ਵਿਚਕਾਰ ਇਕ ਸੀਮਤ ਖੇਤਰ ਦੀ ਝਲਕ ਮੁਹੱਈਆ ਕਰਾਉਂਦੇ ਹਨ। ਇਸ ਦਾ ਮਤਲਬ ਹੈ ਕਿ ਹਾਲੇ ਵੀ ਇਹ ਕਿਸੇ ਘਟਨਾ ਦੀ ਪੂਰਾ ਵੀਡੀਓ ਕੈਪਚਰ ਨਹੀਂ ਕਰ ਪਾਉਂਦੇ ਹਨ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਬੀਜਿੰਗ ਦੀ ਨੇਬੁਲਾ ਸਾਇੰਸ ਐਂਡ ਤਕਨਾਲੋਜੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਜਿਹਾ ਕੈਮਰਾ ਵਿਕਸਿਤ ਕੀਤਾ ਹੈ, ਜੋ ਪੁਲਸ ਲਈ ਕਾਫੀ ਉਪਯੋਗੀ ਸਾਬਤ ਹੋ ਸਕਦਾ ਹੈ। 
ਇਹ ਦੁਨੀਆ ਦਾ ਪਹਿਲਾ 720 ਡਿਗਰੀ ਵਿਊ ਵਾਲਾ ਕੈਮਰਾ ਹੋਵੇਗਾ, ਜੋ ਕਿਸੇ ਵੀ ਘਟਨਾ ਦੇ ਹਰ ਪਹਿਲੂ ਦਾ ਵੀਡੀਓ ਬਣਾਉਣ ਵਿਚ ਸਮੱਰਥ ਹੋਵੇਗਾ। ਇਸ ਦੇ ਨਾਲ ਹੀ ਇਸ ਵਿਚ ਇਨਬਿਲਟ ਚਿਹਰਾ ਪਛਾਣ ਤਕਨਾਲੋਜੀ ਹੈ, ਜਿਸ ਨਾਲ ਕਿਸੇ ਵੀ ਸ਼ੱਕੀ ਦੀ ਪਛਾਣ ਕਰਨਾ ਪੁਲਸ ਅਧਿਕਾਰੀਆਂ ਲਈ ਕਾਫੀ ਆਸਾਨ ਹੋਵੇਗਾ। ਇਸ ਕੈਮਰੇ ਨੂੰ ਮੋਢੇ 'ਤੇ ਪਹਿਨਿਆ ਜਾਂਦਾ ਹੈ ਅਤੇ ਇਹ ਹਾਈ ਡੈਫੀਨੇਸ਼ਨ ਵਾਲੇ ਵੀਡੀਓ ਨੂੰ ਕੈਪਚਰ ਕਰਦਾ ਹੈ ਅਤੇ ਇਸ ਵਿਚ ਇਸ਼ਾਰਿਆਂ ਨੂੰ ਵੀ ਸਮਝਣ ਦੀ  ਸਮੱਰਥਾ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇ ਕੋਈ ਸ਼ੱਕੀ ਪੁਲਸ ਅਧਿਕਾਰੀ ਵੱਲ ਹਮਲਾਵਰ ਰਵੱਈਆ ਅਪਨਾਉਂਦਾ ਹੈ ਤਾਂ ਕੈਮਰਾ ਉਸ ਦੀ ਹਰ ਗਤੀਵਿਧੀ ਦਾ ਪਤਾ ਲਗਾ ਸਕਦਾ ਹੈ। ਇਸ ਮਗਰੋਂ ਕੈਮਰਾ ਲਗਾਤਾਰ ਸ਼ੱਕੀ 'ਤੇ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਟਰੈਕ ਕਰਦਾ ਰਹਿੰਦਾ ਹੈ। ਨੇਬੁਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੀ ਪੇਂਗਫੀ ਨੇ ਕਿਹਾ ਕਿ ਬੌਡੀ ਕੈਮਰੇ ਛਾਤੀ ਵਿਚ ਪਹਿਨੇ ਜਾਂਦੇ ਹਨ ਅਤੇ ਜੇ ਕਈ ਵਿਅਕਤੀ ਪੁਲਸ ਅਧਿਕਾਰੀ ਦੇ ਕਾਫੀ ਕਰੀਬ ਆ ਜਾਵੇ ਤਾਂ ਕੈਮਰਾ ਉਸ ਦਾ ਚਿਹਰਾ ਨਹੀਂ ਪਛਾਣ ਪਾਉਂਦਾ। ਇਸ ਦੇ ਨਾਲ ਹੀ ਇਨ੍ਹਾਂ ਕੈਮਰਿਆਂ ਦਾ ਵਿਊ ਕਾਫੀ ਸੀਮਤ ਹੁੰਦਾ ਹੈ ਅਤੇ ਪੁਲਸ ਦੀ ਪਿੱਠ ਦੇ ਪਿੱਛੇ ਕੀ ਚੱਲ ਰਿਹਾ ਹੈ ਇਹ ਵੀ ਪਤਾ ਨਹੀਂ ਚੱਲ ਪਾਉਂਦਾ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਨੇ 720 ਡਿਗਰੀ ਵਿਊ ਵਾਲਾ ਕੈਮਰਾ ਬਣਾਇਆ ਹੈ।