ਡੋਕਲਾਮ ਗਤੀਰੋਧ ਦੇ ਮੱਦੇਨਜ਼ਰ ਅਮਰੀਕਾ ਨੂੰ ਆਪਣੀ ਕੂਟਨੀਤੀ ਤਿਆਰ ਰੱਖਣੀ ਚਾਹੀਦੀ :ਰੀਡੇਲ

08/09/2017 1:06:14 PM

ਵਾਸ਼ਿੰਗਟਨ— ਅਮਰੀਕਾ ਖੁਫੀਆ ਏਜੰਸੀ ਸੀ. ਆਈ. ਏ. ਦੇ ਸਾਬਕਾ ਵਿਸ਼ਲੇਸ਼ਕ ਬਰੂਸ ਰੀਡੇਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਸਿੱਕਮ ਸੈਕਟਰ ਦੇ ਡੋਕਲਾਮ ਵਿਚ ਚੱਲ ਰਹੇ ਗਤੀਰੋਧ ਦਾ ਅਮਰੀਕਾ ਸਹਿਤ ਪੂਰੇ ਵਿਸ਼ਵ 'ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਇਸ ਲਈ ਟਰੰਪ ਪ੍ਰਸ਼ਾਸਨ ਨੂੰ ਆਪਣੀ ਕੂਟਨੀਤੀ ਤਿਆਰ ਰੱਖਣੀ ਚਾਹੀਦੀ ਹੈ। ਰੀਡੇਲ ਫਿਲਹਾਲ ਵਾਸ਼ਿੰਗਟਨ ਦੇ ਥਿੰਕ ਟੈਂਕ ਬਰੂਕਿੰਗਸ ਇੰਸਟੀਚਿਊਟ ਵਿਚ ਨੌਕਰੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਦੋਹਾਂ ਦੇਸ਼ਾਂ ਨੇ ਹਿਮਾਲਾ ਖੇਤਰ ਵਿਚ ਇਕ-ਦੂਜੇ ਵਿਰੁੱਧ ਆਪਣੇ ਰਵਾਇਤੀ ਫੌਜੀ ਦਸਤਿਆਂ ਨੂੰ ਤਿਆਰ ਰੱਖਿਆ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ,'' ਚੀਨ ਅਤੇ ਭਾਰਤ ਦੋਵੇਂ ਪਰਮਾਣੂ ਹਥਿਆਰਾਂ ਨਾਲ ਲੈੱਸ ਦੇਸ਼ ਹਨ ਅਤੇ ਇਨ੍ਹਾਂ ਦੇਸ਼ਾਂ ਦੀਆਂ ਪਰਮਾਣੂ ਹਥਿਆਰਾਂ ਨਾਲ ਲੈੱਸ ਮਿਜ਼ਾਈਲਾਂ ਨਵੀਂ ਦਿੱਲੀ ਅਤੇ ਬੀਜਿੰਗ ਨੂੰ ਨਿਸ਼ਾਨਾ ਬਣਾ ਕੇ ਤਾਇਨਾਤ ਹਨ। ਦੋਵੇਂ ਹੀ ਵੱਡੀਆਂ ਆਰਥਿਕ ਸ਼ਕਤੀਆਂ ਹਨ ਅਤੇ ਦੋਹਾਂ ਵਿਚ ਵਿਆਪਕ ਵਪਾਰਕ ਸੰਬੰਧ ਹਨ।''
ਭਾਰਤੀ ਫੌਜ ਦੁਆਰਾ ਚੀਨੀ ਫੌਜੀਆਂ ਨੂੰ ਇੱਥੇ ਸੜਕ ਨਿਰਮਾਣ ਕਰਨ ਤੋਂ ਰੋਕਣ ਮਗਰੋਂ ਦੋਹਾਂ ਦੇਸ਼ਾਂ ਵਿਚ ਸ਼ੁਰੂ ਹੋਇਆ ਗਤੀਰੋਧ ਬੀਤੇ 50 ਦਿਨਾਂ ਤੋਂ ਜਾਰੀ ਹੈ। ਰੀਡੇਲ ਨੇ ਕਿਹਾ,'' ਇਹ ਇਕ ਅਜਿਹਾ ਟਕਰਾਅ ਹੈ ਜਿਸ ਦੇ ਪੂਰੀ ਦੁਨੀਆ ਵਿਚ ਗੰਭਾਰ ਨਤੀਜੇ ਨਿਕਲਣਗੇ। ਕਿਸੇ ਵੀ ਪੱਖ ਨੇ ਅਮਰੀਕਾ ਨੂੰ ਦਖਲ-ਅੰਦਾਜ਼ੀ ਲਈ ਨਹੀਂ ਕਿਹਾ ਹੈ ਪਰ ਅਮਰੀਕੀ ਲੋਕਾਂ ਦੇ ਹਿੱਤ ਦਾਅ 'ਤੇ ਹਨ।'' ਆਪਣੇ ਲੇਖ ਵਿਚ ਰੀਡੇਲ ਨੇ ਲਿਖਿਆ ਹੈ ਕਿ ਭੂਟਾਨ ਵਿਚ ਚੀਨ ਦੀ ਘੁਸਪੈਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਈਟ ਹਾਊਸ ਦੀ ਯਾਤਰਾ ਸਮੇਂ ਹੋਈ, ਜੋ ਸੰਭਵ ਤੌਰ 'ਤੇ ਬੀਜਿੰਗ ਵੱਲੋਂ ਜਾਣ ਬੁੱਝ ਕੇ ਚੁੱਕਿਆ ਗਿਆ ਕਦਮ ਹੈ।
ਲੇਖ ਵਿਚ ਲਿਖਿਆ ਗਿਆ,''ਵਾਸ਼ਿੰਗਟਨ ਨੂੰ ਆਪਣੀ ਕੂਟਨੀਤੀ ਤਿਆਰ ਰੱਖਣੀ ਚਾਹੀਦੀ ਹੈ। ਸਾਨੂੰ ਵਿਦੇਸ਼ ਮੰਤਰਾਲੇ ਦੇ ਦੱਖਣੀ ਏਸ਼ੀਆ ਬਿਊਰੋ ਵਿਚ ਅਨੁਭਵੀ ਲੋਕਾਂ ਦੀ ਲੋੜ ਹੈ। ਇਸ ਸਥਿਤੀ ਤੋਂ ਨਿਪਟਣ ਲਈ ਸਾਨੂੰ ਵਧੀਆ ਡਿਪਲੋਮੈਟ ਚਾਹੀਦੇ ਹਨ। ਭਾਰਤ ਨਾਲ ਸਾਡੇ ਫੌਜੀ ਸੰਬੰਧਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਜਾਨ ਐੱਫ. ਕੈਨੇਡੀ ਸਾਲ 1962 ਵਿਚ ਪੂਰੀ ਤਰ੍ਹਾਂ ਤਿਆਰ ਸਨ, ਇਸ ਲਈ ਸਾਨੂੰ ਵੀ ਬਿਨਾ ਤਿਆਰੀ ਦੇ ਨਹੀਂ ਰਹਿਣਾ ਚਾਹੀਦਾ।'' ਚੀਨ ਅਤੇ ਭਾਰਤ ਵਿਚ ਸਾਲ 1962 ਵਿਚ ਹੋਏ ਯੁੱਧ ਦੌਰਾਨ ਕੈਨੇਡੀ ਅਮਰੀਕਾ ਦੇ ਰਾਸ਼ਟਰਪਤੀ ਸਨ। ਰੀਡੇਲ ਨੇ ਸਾਲ 2015 ਵਿਚ 'ਜੇ. ਐੱਫ. ਕੇ. ਫੌਰਗੌਟਨ ਕ੍ਰਾਇਸਿਸ : ਤਿੱਬਤ, ਦ ਸੀ. ਆਈ. ਏ. ਐਂਡ ਦ ਸਾਇਨੋ ਇੰਡੀਆ ਵਾਰ' ਨਾਂ ਦੀ ਇਕ ਕਿਤਾਬ ਲਿਖੀ ਸੀ, ਜਿਸ ਦਾ ਪੇਪਰ ਬੈਕ ਐਡੀਸ਼ਨ ਜਲਦੀ ਹੀ ਆਉਣ ਵਾਲਾ ਹੈ। ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਾਲ 1962 ਵਿਚ ਭਾਰਤ ਅਤੇ ਚੀਨ ਵਿਚ ਹੋਏ ਯੁੱਧ ਦੌਰਾਨ ਕਿਸ ਤਰ੍ਹਾਂ ਉਸ ਸਮੇਂ ਦੇ ਰਾਸ਼ਟਰਪਤੀ ਜਾਨ ਐੱਫ. ਕੈਨੇਡੀ ਭਾਰਤ ਦੇ ਸਮਰਥਨ ਵਿਚ ਅੱਗੇ ਆਏ ਸਨ।