ਅਮਰੀਕਾ ''ਚ ਤੂਫਾਨ ''ਇਆਨ'' ਨੇ ਮਚਾਈ ਭਾਰੀ ਤਬਾਹੀ, 8.5 ਲੱਖ ਘਰਾਂ ਦੀ ਬੱਤੀ ਗੁੱਲ (ਵੀਡੀਓ)

09/29/2022 12:50:44 PM

ਵਾਸ਼ਿੰਗਟਨ (ਬਿਊਰੋ) ਅਮਰੀਕਾ ਦੇ ਫਲੋਰੀਡਾ ਵਿਚ ਤੂਫਾਨ ਇਆਨ ਦੀ ਦਸਤਕ ਦੇ ਬਾਅਦ ਇਸ ਦਾ ਕਹਿਰ ਜਾਰੀ ਹੈ। ਇਹ ਤੂਫਾਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਤੂਫਾਨ ਨਾਲ ਫਲੋਰੀਡਾ ਸ਼ਹਿਰ ਵਿਚ ਭਾਰੀ ਤਬਾਹੀ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਸਾਢੇ 8 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਫਿਲਹਾਲ ਬਿਜਲੀ ਅਤੇ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਘਰਾਂ ਅੰਦਰ ਪਾਣੀ ਭਰ ਚੁੱਕਾ ਹੈ। ਹਾਲਾਤ ਬਦਤਰ ਹੋ ਰਹੇ ਹਨ। 

 

ਇੱਥੇ ਦੱਸ ਦਈਏ ਕਿ ਵੱਡੀ ਗਿਣਤੀ ਵਿਚ ਫਲੋਰੀਡਾ ਵਿਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਤੂਫਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। 4000 ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਡੌਂਕੀ ਲਾ ਰਹੇ ਪ੍ਰਵਾਸੀਆਂ ਦੀ ਇਕ ਕਿਸ਼ਤੀ ਡੁੱਬ ਜਾਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਕਿਸ਼ਤੀ ਵਿਚ ਸਵਾਰ ਪ੍ਰਵਾਸੀਆਂ ਦੀ ਗਿਣਤੀ 23 ਦੱਸੀ ਗਈ ਹੈ।ਇਹ ਸਾਰੇ ਲੋਕ ਫਿਲਹਾਲ ਲਾਪਤਾ ਹਨ। ਭਾਰਤੀ ਸਮੇਂ ਮੁਤਾਬਕ ਤੂਫਾਨ ਦੇਰ ਰਾਤ ਫਲੋਰੀਡਾ ਵਿਚ ਦਾਖਲ ਹੋਇਆ। ਇੱਥੇ 250 ਕਿਲੋਮੀਟਰ ਤੇਜ਼ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ। ਭਾਰੀ ਮੀਂਹ ਪੈ ਰਿਹਾ ਹੈ। ਕਰੀਬ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਤੱਟੀ ਖੇਤਰ ਵਿਚ 2 ਤੋਂ 7 ਮੀਟਰ ਤੱਕ ਲਹਿਰਾਂ ਉੱਠ ਰਹੀਆਂ ਹਨ। 

ਪੜ੍ਹੋ ਇਹ ਅਹਿਮ  ਖ਼ਬਰ-ਮਿਆਂਮਾਰ 'ਚ ਸੂ ਕੀ ਫਿਰ ਠਹਿਰਾਈ ਗਈ ਦੋਸ਼ੀ, ਆਸਟ੍ਰੇਲੀਆਈ ਅਰਥ ਸ਼ਾਸਤਰੀ ਨੂੰ ਤਿੰਨ ਸਾਲ ਦੀ ਕੈਦ

ਕੈਟੇਗਰੀ 4 ਦੇ ਤਹਿਤ ਇਸ ਤੂਫਾਨ ਨੇ 27 ਸਤੰਬਰ ਨੂੰ ਦਸਤਕ ਦਿੱਤੀ ਸੀਤਬਾਹੀ ਦੇ ਕਾਰਨ ਇਸ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਮੰਗਲਵਾਰ ਸਵੇਰੇ ਤੂਫਾਨ ਇਆਨ ਕਾਰਨ ਹਵਾ ਦੀ ਗਤੀ ਲੱਗਭਗ 115 ਕਿਲੋਮੀਟਰ ਪ੍ਰਤੀ ਘੰਟਾ ਰਹੀ।ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦਾ ਕਹਿਣਾ ਹੈ ਕਿ ਟੈਂਪਾ ਖਾੜੀ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਆਦੇਸ਼ ਦਿੱਤੇ ਗਏ ਹਨ। ਫਲੋਰੀਡਾ 'ਚ ਤੂਫਾਨ ਦੀ ਦਸਤਕ ਕਾਰਨ ਟੈਂਪਾ ਅਤੇ ਸੇਂਟ ਪੀਟਰਸਬਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੋ ਸਕਦੇ ਹਨ। ਇਸ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫਾਨ ਮੰਨਿਆ ਜਾ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਦੇ 5,000 ਜਵਾਨਾਂ ਨੂੰ ਤਿਆਰ ਕੀਤਾ ਹੈ। ਗੁਆਂਢੀ ਰਾਜਾਂ ਵਿੱਚ ਹੋਰ 2,000 ਸੁਰੱਖਿਆ ਕਰਮਚਾਰੀਆਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana