ਸ਼੍ਰੀਲੰਕਾ ਦੀ ਜਲ ਸੈਨਾ ਨੇ 43 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

12/19/2021 4:21:36 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿਚ 43 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਛੇ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਐਤਵਾਰ ਨੂੰ ਇਸ ਸਬੰਧ ਵਿਚ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸ਼੍ਰੀਲੰਕਾ ਦੀ ਜਲ ਸੈਨਾ ਨੇ ਸ਼ਨੀਵਾਰ ਨੂੰ ਜਾਫਨਾ ਦੇ ਡੇਲਫਟ ਆਈਲੈਂਡ ਦੇ ਦੱਖਣ-ਪੂਰਬੀ ਸਮੁੰਦਰੀ ਖੇਤਰ ਤੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ। 

ਸ਼੍ਰੀਲੰਕਾਈ ਨੇਵੀ ਨੇ ਇੱਕ ਬਿਆਨ ਵਿੱਚ ਕਿਹਾ ਕਿ 18 ਦਸੰਬਰ 2021 ਦੀ ਰਾਤ ਨੂੰ ਜਾਫਨਾ ਦੇ ਡੇਲਫਟ ਆਈਲੈਂਡ ਦੇ ਦੱਖਣ-ਪੂਰਬੀ ਸਾਗਰ ਖੇਤਰ ਵਿੱਚ ਜਲ ਸੈਨਾ ਦੁਆਰਾ ਚਲਾਏ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਵਿੱਚ ਸ਼੍ਰੀਲੰਕਾ ਦੇ ਜਲ ਖੇਤਰ ਵਿੱਚ ਮੱਛੀਆਂ ਫੜਨ ਲਈ ਮੌਜੂਦ ਛੇ ਭਾਰਤੀ ਕਿਸ਼ਤੀਆਂ ਜ਼ਬਤ ਕਰ ਲਈਆਂ ਗਈਆਂ, ਜਿਹਨਾਂ ਵਿਚ 43 ਭਾਰਤੀ ਮਛੇਰੇ ਸਵਾਰ ਸਨ। ਇਹ ਗ੍ਰਿਫ਼ਤਾਰੀਆਂ ਉੱਤਰੀ ਜਲ ਸੈਨਾ ਕਮਾਂਡ ਨਾਲ ਜੁੜੇ 04ਵੇਂ ਫਾਸਟ ਅਟੈਕ ਕਰਾਫਟ ਫਲੋਟੀਲਾ (4 FAF) ਦੇ ਫਾਸਟ ਅਟੈਕ ਕਰਾਫਟ ਦੁਆਰਾ ਕੀਤੀਆਂ ਗਈਆਂ। 

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ 'ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ

ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਫੜੇ ਗਏ ਭਾਰਤੀ ਮਛੇਰਿਆਂ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਗਿਆ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਲਈ ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਦੋਹਾਂ ਦੇਸ਼ਾਂ ਦੇ ਮਛੇਰਿਆਂ ਨੂੰ ਅਕਸਰ ਅਣਜਾਣੇ ਵਿੱਚ ਇੱਕ ਦੂਜੇ ਦੇ ਪਾਣੀਆਂ ਵਿੱਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਮਛੇਰਿਆਂ ਦਾ ਮਸਲਾ ਦੁਵੱਲੇ ਸਬੰਧਾਂ ਵਿੱਚ ਇੱਕ ਵੱਡੀ ਉਲਝਣ ਬਣ ਗਿਆ ਹੈ।

Vandana

This news is Content Editor Vandana