ਸ਼੍ਰੀਲੰਕਾ ''ਚ ਬਿਜਲੀ ਗੁੱਲ ਹੋਣ ਨਾਲ ਰਾਸ਼ਟਰਵਿਆਪੀ ਬਲੈਕਆਊਟ

08/17/2020 10:25:39 PM

ਕੋਲੰਬੋ (ਯੂ.ਐੱਨ.ਆਈ.) : ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰ ਕੇਰਾਵਲਪੀਟਿਆ ਸਥਿਤ ਬਿਜਲੀ ਘਰ ਵਿਚ ਤਕਨੀਕੀ ਖਰਾਬੀ ਦੇ ਕਾਰਣ ਸੋਮਵਾਰ ਨੂੰ ਪੂਰੇ ਦੇਸ਼ ਵਿਚ ਬਿੱਜਲੀ ਗੁੱਲ ਰਹੀ ਜਿਸ ਨਾਲ ਵਪਾਰ ਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਊਰਜਾ ਮੰਤਰਾਲਾ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਹਨ। 

ਮੰਤਰਾਲਾ ਨੇ ਇਹ ਵੀ ਭਰੋਸਾ ਦਿੱਤਾ ਕਿ ਕੁਝ ਘੰਟਿਆਂ ਦੇ ਅੰਦਰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਰਾਸ਼ਟਰਵਿਆਪੀ ਬਲੈਕਆਊਟ ਦੇ ਇਕ ਘੰਟੇ ਦੇ ਅੰਦਰ ਊਰਜਾ ਮੰਤਰੀ ਦੁਲਾਸ ਅਲੈਹਪੇਰੁਮਾ ਕੇਰਾਵਲਪੀਟਿਆ ਪਾਵਰ ਸਟੇਸ਼ਨ ਪਹੁੰਚੇ ਤੇ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਤਕਨੀਸ਼ੀਅਨਾਂ ਦੇ ਨਾਲ ਰਹੇ। ਸੋਮਵਾਰ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਵਿਚ ਪੀਣ ਦੇ ਪਾਣੀ ਦੀ ਸਪਲਾਈ ਠੱਪ ਹੋ ਗਈ ਜਦਕਿ ਰਾਜਧਾਨੀ ਵਿਚ ਵੱਖ-ਵੱਖ ਰਸਤਿਆਂ 'ਤੇ ਜਾਮ ਲੱਗ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਇਸ ਤੋਂ ਪਹਿਲਾਂ ਸਾਲ 2016 ਵਿਚ ਰਾਸ਼ਟਰਵਿਆਪੀ ਬਿਜਲੀ ਗੁੱਲ ਹੋਈ ਸੀ।

Baljit Singh

This news is Content Editor Baljit Singh