ਸ਼੍ਰੀਲੰਕਾ ਧਮਾਕੇ : ਖੁਫੀਆ ਵਿਭਾਗ ਦੇ ਅਸਫਲ ਹੋਣ ਦੀ ਹੋਵੇਗੀ ਜਾਂਚ

04/22/2019 1:30:20 PM

ਕੋਲੰਬੋ, (ਭਾਸ਼ਾ)— ਸ਼੍ਰੀਲੰਕਾ ਦੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਈਸਟਰ ਦੇ ਦਿਨ ਹੋਏ 8 ਲੜੀਵਾਰ ਬੰਬ ਧਮਾਕਿਆਂ ਦੇ ਸਬੰਧ 'ਚ ਖੁਫੀਆ ਵਿਭਾਗ ਦੀ ਅਸਫਲਤਾ ਦੀ ਜਾਂਚ ਕਰੇਗੀ। ਜਾਂਚ ਕੀਤੀ ਜਾਵੇਗੀ ਕਿ ਖੁਫੀਆ ਵਿਭਾਗ ਇਨ੍ਹਾਂ ਹਮਲਿਆਂ ਦੀ ਸਾਜਸ਼ ਦਾ ਪਤਾ ਲਗਾਉਣ ਅਤੇ ਇਨ੍ਹਾਂ ਦੇ ਸਬੰਧ 'ਚ ਚਿਤਾਵਨੀ ਜਾਰੀ ਕਰਨ 'ਚ ਅਸਫਲ ਕਿਵੇਂ ਰਿਹਾ। ਪੁਲਸ ਬੁਲਾਰੇ ਰੂਵਾਨ ਗੁਣਸ਼ੇਖਰ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਵੱਖ-ਵੱਖ ਗਿਰਜਾਘਰਾਂ ਅਤੇ ਲਗਜ਼ਰੀ ਹੋਟਲਾਂ 'ਚ ਐਤਵਾਰ, ਈਸਟਰ ਦੇ ਦਿਨ ਹੋਏ ਧਮਾਕਿਆਂ 'ਚ ਹੁਣ ਤਕ 290 ਲੋਕਾਂ ਦੀ ਮੌਤ ਹੋਈ ਹੈ ਜਦਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਦੇਸ਼ 'ਚ ਇਕ ਦਹਾਕੇ ਪਹਿਲਾਂ ਖਤਮ ਹੋਏ ਗ੍ਰਹਿ ਯੁੱਧ ਦੇ ਬਾਅਦ ਇਹ ਸਭ ਤੋਂ ਹਿੰਸਕ ਘਟਨਾ ਹੈ। ਸਰਕਾਰ ਦੇ ਦੋ ਮੰਤਰੀਆਂ ਨੇ ਵੀ ਖੁਫੀਆ ਵਿਭਾਗ ਦੀ ਅਸਫਲਤਾ ਦਾ ਜ਼ਿਕਰ ਕੀਤਾ।

ਦੂਰਸੰਚਾਰ ਮੰਤਰੀ ਹਰਿਨ ਫਰਨਾਡੋ ਨੇ ਟਵੀਟ ਕੀਤਾ, ਖੁਫੀਆ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ। ਅਜਿਹੇ 'ਚ ਕਾਰਵਾਈ 'ਚ ਦੇਰੀ ਹੋਈ। ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ, ਇਸ 'ਤੇ ਗੰਭੀਰ ਕਾਰਵਾਈ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਹਮਲਿਆਂ ਦੇ ਸ਼ੱਕ ਬਾਰੇ ਸੁਣਿਆ ਸੀ ਅਤੇ ਉਨ੍ਹਾਂ ਨੂੰ ਪ੍ਰਸਿੱਧ ਗਿਰਜਾਘਰਾਂ 'ਚ ਜਾਣ ਤੋਂ ਮਨ੍ਹਾ ਕੀਤਾ ਸੀ। ਉੱਥੇ ਰਾਸ਼ਟਰੀ ਏਕੀਕਰਣ ਮੰਤਰੀ ਮਾਨੋ ਗਣੇਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੇ ਸੁਰੱਖਿਆ ਅਧਿਕਾਰੀਆਂ ਨੂੰ ਚਿਤਾਵਨੀ ਮਿਲੀ ਸੀ ਕਿ ਦੋ ਅੱਤਵਾਦੀ ਹਮਲਾਵਰ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਗੁਣਸ਼ੇਖਰ ਨੇ ਕਿਹਾ ਕਿ ਹਮਲਿਆਂ ਦੀ ਜਾਂਚ ਕਰ ਰਿਹਾ ਅਪਰਾਧਕ ਜਾਂਚ ਵਿਭਾਗ ਇਸ ਮਾਮਲੇ ਦੀ ਵੀ ਜਾਂਚ ਕਰੇਗਾ।