ਦੁੱਖਾਂ 'ਚ ਡੁੱਬਿਆ ਸ਼੍ਰੀਲੰਕਾ, ਹੌਕਿਆਂ ਨਾਲ ਦਿੱਤੀ ਆਪਣਿਆਂ ਨੂੰ ਵਿਦਾਈ

04/23/2019 2:04:26 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ 321 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 10 ਭਾਰਤੀ ਲੋਕਾਂ ਸਮੇਤ ਕਈ ਵਿਦੇਸ਼ੀ ਵੀ ਸਨ। ਇਸ 'ਚ ਲਗਭਗ 500 ਲੋਕ ਜ਼ਖਮੀ ਹੋਏ ਹਨ।

ਲੋਕਾਂ ਦੇ ਸਰੀਰ 'ਤੇ ਹੋਏ ਜ਼ਖਮ ਚਾਹੇ ਭਰ ਜਾਣ ਪਰ ਉਨ੍ਹਾਂ ਦੀ ਆਤਮਾ ਤੇ ਦਿਲ ਨੂੰ ਜੋ ਦੁੱਖ ਪੁੱਜਿਆ ਹੈ, ਉਸ ਨੂੰ ਭਰਿਆ ਨਹੀਂ ਜਾ ਸਕਦਾ। ਸ਼੍ਰੀਲੰਕਾ 'ਚ ਮੰਗਲਵਾਰ 60 ਤੋਂ ਵੱਧ ਮ੍ਰਿਤਕਾਂ ਦਾ ਸੰਸਕਾਰ ਕੀਤਾ ਗਿਆ। ਪੂਰਾ ਦੇਸ਼ ਸਦਮੇ ਅਤੇ ਸੋਗ 'ਚ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਭਿਆਨਕ ਮੰਜ਼ਰ ਕਈ ਸਾਲਾਂ ਮਗਰੋਂ ਦੇਖਿਆ ਹੈ, ਜਿਸ ਨੂੰ ਭੁਲਾਉਣਾ ਬਹੁਤ ਮੁਸ਼ਕਲ ਹੈ।

ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਲੋਕਾਂ ਨੇ ਆਪਣਿਆਂ ਨੂੰ ਸਦਾ ਲਈ ਵਿਦਾ ਕੀਤਾ। ਕਈ ਮਾਂਵਾਂ ਦੇ ਬੱਚੇ ਮਰ ਗਏ ਤੇ ਕਈ ਬੱਚਿਆਂ ਦੇ ਪਰਿਵਾਰ ਵਾਲੇ ਅਤੇ ਕਈਆਂ ਦਾ ਪੂਰਾ ਪਰਿਵਾਰ ਹੀ ਇਸ ਹਮਲੇ 'ਚ ਮਾਰਿਆ ਗਿਆ।
ਈਸਟਰ ਮਨਾਉਣ ਪੁੱਜੇ ਲੋਕਾਂ ਦੀਆਂ ਖੁਸ਼ੀਆਂ ਪਲਾਂ 'ਚ ਦੁੱਖਾਂ 'ਚ ਬਦਲ ਗਈਆਂ। ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਗਏ ਅਤੇ ਕਈ ਜਾਨਾਂ ਲਾਸ਼ਾਂ 'ਚ ਬਿਖਰ ਗਈਆਂ। ਇਕ ਬਜ਼ੁਰਗ ਔਰਤ ਨੇ ਦਰਦ ਨਾਲ ਭਰੇ ਮਨ ਤੇ ਕੰਬਦੇ ਹੱਥਾਂ ਨਾਲ ਆਪਣੀ 11 ਸਾਲਾ ਪੋਤੀ ਨੂੰ ਅੰਤਿਮ ਵਿਦਾਈ ਦਿੱਤੀ। ਰੋਂਦੇ-ਵਿਲਕਦੇ ਲੋਕਾਂ ਦੀ ਜ਼ੁਬਾਨ 'ਤੇ ਇਕ ਹੀ ਪ੍ਰਸ਼ਨ ਹੈ ਕਿ ਉਹ ਆਪਣਿਆਂ ਦੇ ਬਗੈਰ ਜ਼ਿੰਦਗੀ ਕਿਵੇਂ ਬਿਤਾਉਣਗੇ, ਪ੍ਰਭੂ ਨੇ ਉਨ੍ਹਾਂ ਦੀ ਰੱਖਿਆ ਕਿਉਂ ਨਹੀਂ ਕੀਤੀ।