ਕੁੜੀ ਦੇ ਸਿਰ ਦੇ ਕੀਤੇ 64 ਟੁੱਕੜੇ ਪਰ ਰਾਸ਼ਟਰਪਤੀ ਨੇ ਮੁਆਫ ਕੀਤੀ ਮੌਤ ਦੀ ਸਜ਼ਾ

11/11/2019 3:03:46 PM

ਕੋਲੰਬੋ (ਬਿਊਰੋ): ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਇਕ ਕਾਤਲ ਨੂੰ ਮੁਆਫੀ ਦਿੱਤੀ ਹੈ। ਇਸ ਮਗਰੋਂ ਦੇਸ਼ ਭਰ ਵਿਚ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਉੱਠਣ ਲੱਗੇ ਹਨ। ਸਿਰੀਸੈਨਾ ਨੇ ਸਵੀਡਨ ਦੀ ਇਕ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਜੂਡ ਜਯਾਮਹਾ (Jude Jayamaha) ਨੂੰ ਮੁਆਫੀ ਦਿੱਤੀ ਹੈ। ਅਧਿਕਾਰੀਆਂ ਵੱਲੋਂ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਇਸ ਫੈਸਲੇ ਦੇ ਆਉਂਦੇ ਹੀ ਦੇਸ਼ਭਰ ਵਿਚ ਉਨ੍ਹਾਂ ਵਿਰੁੱਧ ਵਿਰੋਧ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਸਿਰੀਸੈਨਾ ਅਗਲੇ ਹਫਤੇ ਮਤਲਬ 16 ਨਵੰਬਰ ਨੂੰ ਆਪਣਾ ਅਹੁਦਾ ਛੱਡ ਦੇਣਗੇ। ਇਸ ਵਾਰ ਉਹ ਚੋਣਾਂ ਵਿਚ ਖੜ੍ਹੇ ਨਹੀਂ ਹੋਣਗੇ। ਪਿਛਲੇ ਮਹੀਨੇ ਹੀ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਉਹ ਜੂਡ ਜਯਾਮਹਾ ਨੂੰ ਮੁਆਫੀ ਦੇਣ 'ਤੇ ਵਿਚਾਰ ਕਰ ਰਹੇ ਹਨ।

 

ਇਹ ਹੈ ਪੂਰਾ ਮਾਮਲਾ
ਇਹ ਘਟਨਾ 30 ਜੂਨ 2005 ਦੀ ਹੈ। ਜੂਡ ਜਯਾਮਹਾ ਨੇ ਸਵੀਡਨ ਦੀ ਇਕ 19 ਸਾਲਾ ਯੋਵੋਨੇ ਜੌਨਸਨ ਦੀ ਹੱਤਿਆ ਕਰ ਕੇ ਉਸ ਦੀ ਖੋਪੜੀ ਦੇ 64 ਟੁੱਕੜੇ ਕਰ ਦਿੱਤੇ ਸਨ। ਯੋਵੋਨੇ ਲੰਡਨ ਵਿਚ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕਰ ਰਹੀ ਸੀ ਅਤੇ ਸ਼੍ਰੀਲੰਕਾ ਵਿਚ ਛੁੱਟੀਆਂ ਬਿਤਾਉਣ ਲਈ ਆਈ ਹੋਈ ਸੀ। ਜਾਣਕਾਰੀ ਮੁਤਾਬਕ ਕੋਲੰਬੋ ਵਿਚ ਯੋਵੋਨੇ ਦੀ ਜੂਡ ਨਾਲ ਬਹਿਸ ਹੋਈ ਸੀ। ਉਦੋਂ ਜੂਡ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਕੁੱਟਮਾਰ ਵਿਚ ਹੀ ਯੋਵੋਨੇ ਦੀ ਮੌਤ ਹੋ ਗਈ। ਘਟਨਾ ਨੂੰ ਕੋਲੰਬ ਦੇ ਰੋਇਲ ਪਾਰਕ ਲਗਜ਼ਰੀ ਅਪਾਰਟਮੈਂਟ ਵਿਚ ਅੰਜਾਮ ਦਿੱਤਾ ਗਿਆ ਸੀ। 

ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ ਯੋਵੋਨੇ ਦੀ ਖੋਪੜੀ 64 ਟੁਕੱੜਿਆਂ ਵਿਚ ਮਿਲੀ ਸੀ। ਸ਼ੁਰੂ ਵਿਚ ਜੂਡ ਨੂੰ 12 ਸਾਲ ਕੈਦ ਦੀ ਸਜ਼ਾ ਮਿਲੀ ਸੀ। ਇਸ ਮਗਰੋਂ ਉਸ ਨੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਅਦਾਲਤ ਨੇ ਉਸ ਦੀ ਅਪੀਲ ਠੁਕਰਾ ਦਿੱਤੀ ਅਤੇ ਫਾਂਸੀ ਦੀ ਸਜ਼ਾ ਸੁਣਾਈ। ਇਸ ਮਗਰੋਂ ਜਦੋਂ ਉਸ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਤਾਂ ਇੱਥੇ ਵੀ ਸਾਲ 2014 ਵਿਚ ਅਦਾਲਤ ਨੇ ਆਪਣੇ ਫੈਸਲੇ ਵਿਚ ਉਸ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ। 

ਭੈਣ ਨੇ ਫੇਸਬੁੱਕ ਪੋਸਟ 'ਤੇ ਜ਼ਾਹਰ ਕੀਤੀ ਨਾਰਾਜ਼ਗੀ
ਜੂਡ ਸ਼੍ਰੀਲੰਕਾ ਦੇ ਇਕ ਅਮੀਰ ਅਤੇ ਹਾਈ ਪ੍ਰੋਫਾਈਲ ਪਰਿਵਾਰ ਤੋਂ ਹੈ। ਸ਼ਨੀਵਾਰ ਨੂੰ ਇਹ ਵੇਲੀਕਾੜਾ ਜੇਲ ਤੋਂ ਬਾਹਰ ਆ ਗਿਆ। ਇਸ ਮੁਆਫੀ ਨੂੰ ਰਾਸ਼ਟਰਪਤੀ ਵੱਲੋਂ ਲਿਆ ਗਿਆ ਇਕਪਾਸੜ ਫੈਸਲਾ ਮੰਨਿਆ ਜਾ ਰਿਹਾ ਹੈ ਜੋ ਕਾਫੀ ਅਸਧਾਰਨ ਹੈ। ਰਾਸ਼ਟਰਪਤੀ ਵੱਲੋਂ ਮੁਆਫੀ ਦਿੱਤੇ ਜਾਣ ਦੇ ਬਾਅਦ ਯੋਵੋਨਾ ਦੀ ਭੈਣ ਕੈਰੋਲਿਨ ਨੇ ਆਪਣੇ ਫੇਸਬੁੱਕ ਪੋਸਟ 'ਤੇ ਇਸ ਫੈਸਲੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਲਿਖਿਆ,''ਉਸ ਨੂੰ ਕਦੇ ਵੀ ਆਪਣੇ ਕੀਤੇ 'ਤੇ ਪਛਤਾਵਾ ਨਹੀਂ ਸੀ ਅਤੇ ਅੱਜ ਵੀ ਉਸ ਨੂੰ ਜ਼ਰਾ ਜਿੰਨਾ ਵੀ ਅਫਸੋਸ ਨਹੀਂ ਹੈ।'' ਉਨ੍ਹਾਂ ਨੇ ਅੱਗੇ ਲਿਖਿਆ,''ਬਹੁਤ ਮੁਸ਼ਕਲ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਹੈ ਅਤੇ 15 ਸਾਲਾਂ ਤੋਂ ਅਸੀਂ ਇਨਸਾਫ ਲਈ ਲੜ ਰਹੇ ਹਾਂ। ਬਦਕਿਸਮਤੀ ਨਾਲ ਹੁਣ ਅਸੀਂ ਖੁਦ ਨੂੰ ਸਭ ਤੋਂ ਖਰਾਬ ਫੈਸਲੇ ਲਈ ਤਿਆਰ ਕਰਨਾ ਹੈ। ਮੇਰੀ ਭੈਣ ਦੇ ਕਾਤਲ ਨੂੰ ਮਾਫ ਕਰ ਦਿੱਤਾ ਗਿਆ ਹੈ।'' 

ਸ਼੍ਰੀਲੰਕਾ ਦੇ ਕਈ ਨਾਗਰਿਕ ਰਾਸ਼ਟਰਪਤੀ ਦੇ ਇਸ ਫੈਸਲੇ ਨਾਲ ਨਾਰਾਜ਼ ਹਨ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖਿਆ,''ਇਕ ਅਸਫਲ ਰਾਸ਼ਟਰਪਤੀ ਦਾ ਸ਼ੈਤਾਨੀ ਫੈਸਲਾ।'' ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ,''ਇਸ ਖਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ।''

Vandana

This news is Content Editor Vandana