ਮੈਡਮ ਪੂਜਾ ਸ਼ਰਮਾ ਦਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਤੇ ਪ੍ਰੈੱਸ ਕਲੱਬ ਨਵਾਂ ਸ਼ਹਿਰ (ਰਜਿ:) ਵੱਲੋਂ ਵਿਸ਼ੇਸ਼ ਸਨਮਾਨ

10/29/2023 5:57:53 PM

ਰੋਮ (ਦਲਵੀਰ ਕੈਂਥ): ਦੁਨੀਆ ਵਿੱਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹਨ, ਜਿਹਨਾਂ ਦੀਆਂ ਸਮਾਜ ਵਿੱਚ ਘਾਲਣਾਵਾਂ ਤੇ ਸੇਵਾਵਾਂ ਨੂੰ ਦੇਖ ਜਿੱਥੇ ਆਮ ਲੋਕ ਹੈਰਾਨ ਹੁੰਦੇ ਹਨ, ਉੱਥੇ ਸਤਿਕਾਰ ਵਜੋਂ ਅਜਿਹੀਆਂ ਸ਼ਖ਼ਸੀਅਤਾਂ ਨੂੰ ਵਾਰ-ਵਾਰ ਸੱਜਦਾ ਕਰਨ ਨੂੰ ਵੀ ਦਿਲ ਕਰਦਾ ਹੈ। ਅਜਿਹੀ ਹੀ ਇੱਕ ਸ਼ਖ਼ਸੀਅਤ ਹੈ ਸ਼ਹੀਦ ਭਗਤ ਸਿੰਘ ਨਗਰ ਦੀ ਮੈਡਮ ਪੂਜਾ ਸ਼ਰਮਾ (ਅੰਗਰੇਜ਼ੀ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਨਵਾਂ ਸ਼ਹਿਰ), ਜਿਸ ਨੇ ਵਿਦਿਅਕ ਖੇਤਰ ਵਿੱਚ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 2 ਵਾਰ ਸੂਬਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅੱਜ ਮੈਡਮ ਪੂਜਾ ਸ਼ਰਮਾ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ ਕਿਉਂਕਿ ਉਹਨਾਂ ਨੇ ਬਿਨਾਂ ਪੈਰਾਂ ਦੇ ਕਾਮਯਾਬੀ ਦੀਆਂ ਅਜਿਹੀ ਮੰਜ਼ਿਲਾਂ ਨੂੰ ਸਰ ਕੀਤਾ ਹੈ, ਜਿਸ ਨੂੰ ਤੰਦਰੁਸਤ ਇਨਸਾਨ ਸਰ ਕਰਨ ਲਈ ਹੌਂਸਲਾ ਨਾ ਕਰ ਪਾਏ ਪਰ ਮੈਡਮ ਪੂਜਾ ਸ਼ਰਮਾ ਬੇਸ਼ੱਕ 80 ਫੀਸਦੀ ਦਿਵਿਆਂਗ ਹਨ, ਇਸ ਦੇ ਬਾਵਜੂਦ ਉਹ ਕੋਵਿਡ-19 ਦੌਰਾਨ ਹਜ਼ਾਰਾਂ ਬੱਚਿਆਂ ਲਈ ਚਾਨਣ ਮੁਨਾਰਾ ਬਣੇ।

ਉਹਨਾਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਕੇ ਇਸ ਕਾਬਲ ਬਣਾਇਆ ਕਿ ਅੱਜ ਬੱਚੇ ਉਹਨਾਂ ਨੂੰ ਸਿਰ ਹੀ ਨਹੀਂ ਝੁਕਾਉਂਦੇ, ਸਗੋਂ ਆਪਣੀ ਜ਼ਿੰਦਗੀ ਦਾ ਮਾਰਗ ਦਰਸ਼ਕ ਵੀ ਮੰਨਦੇ ਹਨ। ਮੈਡਮ ਪੂਜਾ ਸ਼ਰਮਾ ਜਿਹੜੇ ਕਰੀਬ 3 ਦਹਾਕਿਆਂ ਤੋਂ ਵਿੱਦਿਅਕ ਖੇਤਰ ਵਿੱਚ ਇੱਕ ਹੋਣਹਾਰ ਤੇ ਸਾਊ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਦੀ ਰੌਸ਼ਨੀ ਨਾਲ ਬੱਚਿਆਂ ਦਾ ਭੱਵਿਖ ਰੁਸ਼ਨਾ ਰਹੇ ਹਨ। ਉਹਨਾਂ ਦੀਆਂ ਇਹਨਾਂ ਕਾਬਲੇ ਤਾਰੀਫ਼ ਕਾਰਵਾਈਆਂ ਦੀ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਯੂਰਪ ਵਿੱਚ ਵੀ ਪੂਰੀ ਚਰਚਾ ਹੈ ਜਿਸ ਦੇ ਫਲਸਰੂਪ ਇਟਲੀ ਦੇ ਭਾਰਤੀ ਪੱਤਰਕਾਰਾਂ ਦੀ ਇੱਕਲੌਤੀ ਸੰਸਥਾ "ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ" ਵੱਲੋਂ ਪ੍ਰੈੱਸ ਕੱਲਬ ਨਵਾਂ ਸ਼ਹਿਰ (ਰਜਿ:) ਦੇ ਸਹਿਯੋਗ ਨਾਲ ਮੈਡਮ ਪੂਜਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਪ੍ਰੰਸ਼ਸ਼ਾ ਪੱਤਰ ਦੇ ਕੇ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਸਬੇਨ 'ਚ ਮਨਮੀਤ ਅਲੀਸ਼ੇਰ ਦੀ ਸੱਤਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਇਸ ਮੌਕੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਪ੍ਰੈੱਸ ਕਲੱਬ ਨਵਾਂ ਸ਼ਹਿਰ (ਰਜਿ:) ਦੇ ਪ੍ਰਧਾਨ ਲਾਜਵੰਤ ਸਿੰਘ ਲਾਜ ਨੇ ਕਿਹਾ ਕਿ ਮੈਡਮ ਪੂਜਾ ਸ਼ਰਮਾ ਵਰਗੀਆਂ ਸ਼ਖਸੀਅਤਾਂ ਪੂਰੇ ਸਮਾਜ ਲਈ ਮਾਰਗ ਦਰਸ਼ਕ ਹੁੰਦੀਆਂ ਹਨ, ਜਿਹੜੀਆਂ ਕਿ ਬੇਸ਼ੱਕ ਸਰੀਰਕ ਪੱਖੋਂ ਕਮਜ਼ੋਰ ਹਨ ਪਰ ਫਿਰ ਵੀ ਇਹ ਅਜਿਹੇ ਇਤਿਹਾਸ ਬਣਾ ਦਿੰਦੀਆਂ ਹਨ ਜਿਹੜੇ ਰਹਿੰਦੀ ਦੁਨੀਆ ਤੱਕ ਲੋਕਾਂ ਲਈ ਪ੍ਰੇਰਨਾ ਸਰੋਤ ਰਹਿਣਗੇ। ਅਜਿਹੀਆਂ ਸ਼ਖਸੀਅਤਾਂ ਦੀ ਸਾਡੇ ਸਮਾਜ ਨੂੰ ਜ਼ਰੂਰ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਮੈਡਮ ਪੂਜਾ ਸ਼ਰਮਾ ਨੂੰ ਸਨਮਾਨਿਤ ਕਰਕੇ ਕਲੱਬ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਪ੍ਰੈੱਸ ਕੱਲਬ ਨਵਾਂ ਸਹਿਰ (ਰਜਿ:) ਦੇ ਦਵਿੰਦਰ ਭਾਗੜਾ, ਰਾਜਿੰਦਰ ਮਹਿਤਾ, ਨਰਿੰਦਰ ਸਿੰਘ ਨੰਦੀ ਤੋਂ ਪ੍ਰੋਫੈਸਰ ਜਸਦੀਸ਼ ਰਾਏ, ਐਸਡੀਓ ਬਲਵਿੰਦਰ ਕੁਮਾਰ, ਪੂਜਾ ਮੈਡਮ ਦੇ ਮਾਤਾ ਜੀ ਸੁਮਨ ਸ਼ਰਮਾ ਅਤੇ ਭਰਾ ਪ੍ਰਬੋਧ ਸ਼ਰਮਾ ਆਦਿ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana