ਵਿਸਾਖੀ ਨੂੰ ਮੁੱਖ ਰੱਖਦਿਆਂ PCA ਨੇ ਗੁਰਦੁਆਰਾ ਸਿੰਘ ਸਭਾ ਵਿਖੇ ਸਜਾਏ ਵਿਸ਼ੇਸ਼ ਦੀਵਾਨ

04/13/2022 12:29:47 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ. ਸੀ. ਏ.) ਦੇ ਸਮੂਹ ਮੈਂਬਰ ਜਿਹੜੇ ਕਿ ਸਮੇਂ-ਸਮੇਂ ਸਿਰ ਉਸਾਰੂ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਉਣ ਕਰਕੇ ਸਦਾ ਚਰਚਾ ਵਿੱਚ ਰਹਿੰਦੇ ਹਨ, ਵੱਲੋਂ ਵਿਸਾਖੀ ਨੂੰ ਮੁੱਖ ਰੱਖਦਿਆਂ ਖ਼ਾਲਸਾ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਸਥਾਨਕ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ 7 ਤੋਂ 10 ਅਪ੍ਰੈਲ ਤੱਕ ਸਜਾਏ ਗਏ। ਇਨ੍ਹਾਂ ਦੀਵਾਨਾਂ 'ਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਉਚੇਚੇ ਤੌਰ 'ਤੇ ਹਾਜ਼ਰੀ ਭਰਨ ਪਹੁੰਚੇ।

ਇਹ ਵੀ ਪੜ੍ਹੋ : UGC ਦਾ ਵੱਡਾ ਫ਼ੈਸਲਾ, ਹੁਣ ਇਕ ਸੈਸ਼ਨ ’ਚ ਦੋ ਡਿਗਰੀਆਂ ਕਰ ਸਕਣਗੇ ਵਿਦਿਆਰਥੀ

ਉਨ੍ਹਾਂ ਕਿਹਾ ਕਿ ਦੀਵਾਨਾਂ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸਿਧਾਂਤ ਤੋਂ ਜਾਣੂ ਕਰਵਾਉਣਾ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਨਾ ਹੈ। ਇਨ੍ਹਾਂ ਦੀਵਾਨਾਂ ਵਿੱਚ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰ ਕੇ ਸ਼ਬਦ ਗੁਰੂ ਦੀ ਵਿਚਾਰ ਭਾਈ ਧੂੰਦਾ ਕੋਲੋਂ ਸਰਵਣ ਕੀਤੀ। ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਸੰਗਤ ਨੂੰ ਵਹਿਮਾਂ-ਭਰਮਾਂ ਦਾ ਪੱਲਾ ਛੱਡ ਕੇ ਗੁਰੂ ਸ਼ਬਦ 'ਤੇ ਪਹਿਰਾ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਲਾਕਾਰ ਵੀਰਾਂ ਨੂੰ ਵੀ ਚੰਡੀਗੜ੍ਹ ਦੇ ਮਸਲੇ 'ਤੇ ਖੁੱਲ੍ਹ ਕੇ ਬੋਲਣ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ :ਪੰਜਾਬ ਸਰਕਾਰ ਨੇ ਮ੍ਰਿਤਕ ਲਾਭਪਾਤਰੀਆਂ ਦੇ ਖਾਤਿਆਂ 'ਚੋਂ 28.97 ਕਰੋੜ ਰੁਪਏ ਦੀ ਕੀਤੀ ਰਿਕਵਰੀ

ਉਨ੍ਹਾਂ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨ ਕਰਨ 'ਤੇ ਲੱਗੇ ਬੈਨ 'ਤੇ ਬੋਲਦਿਆਂ ਕਿਹਾ ਕਿ ਬੀਬੀਆਂ ਨੂੰ ਆਪਣੇ ਹੱਕ ਆਪ ਲੈਣੇ ਪੈਣੇ ਹਨ। ਇਸ ਮੌਕੇ ਪੀ. ਸੀ. ਏ. ਮੈਂਬਰਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ਗੋਡਲ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਡਾ. ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਸੰਚਾਲਨ ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਬਾਖੂਬੀ ਕੀਤਾ। ਲੰਗਰ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਅਤੇ ਸਾਥੀਆਂ ਨੇ ਤਨਦੇਹੀ ਨਾਲ ਨਿਭਾਈ।

ਇਹ ਵੀ ਪੜ੍ਹੋ : Bahrain ਵਿਚ ਰੀਗਰ ਤੇ ਸਕੈਫੋਲਡਰ ਅਤੇ Kuwait ਵਿਚ ਇਨ੍ਹਾਂ ਕਾਰੀਗਰਾਂ ਲਈ ਨਿਕਲੀਆਂ ਨੌਕਰੀਆਂ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar