ਸਪੇਨ 'ਚ ਤੂਫ਼ਾਨ ਫਿਲੋਮੀਨਾ ਨਾਲ ਭਾਰੀ ਬਰਫ਼ਬਾਰੀ, ਆਵਾਜਾਈ ਠੱਪ (ਤਸਵੀਰਾਂ)

01/09/2021 11:23:50 PM

ਮੈਡਰਿਡ- ਸ਼ਨੀਵਾਰ ਨੂੰ ਤੂਫ਼ਾਨ ਫਿਲੋਮੀਨਾ ਨੇ ਸਪੇਨ ਦੇ ਕੁਝ ਹਿੱਸਿਆਂ ਨੂੰ ਭਾਰੀ ਬਰਫ਼ਬਾਰੀ ਨਾਲ ਢੱਕ ਦਿੱਤਾ। ਇਸ ਦੇ ਮੱਦੇਨਜ਼ਰ ਅੱਧਾ ਦੇਸ਼ ਪਹਿਲਾਂ ਹੀ ਰੈੱਡ ਅਲਰਟ 'ਤੇ ਸੀ। ਤਾਜ਼ਾ ਬਰਫ਼ਬਾਰੀ ਨਾਲ ਕਈ ਜਗ੍ਹਾ ਸੜਕ, ਰੇਲ ਅਤੇ ਹਵਾਈ ਯਾਤਰਾ ਠੱਪ ਹੋ ਗਈ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਗ੍ਰਹਿ ਮੰਤਰੀ ਫਰਨਾਂਡੋ ਗ੍ਰਾਂਡੇ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 50 ਸਾਲਾਂ ਵਿਚ ਇਹ ਸਭ ਤੋਂ ਤੇਜ਼ ਤੂਫ਼ਾਨ ਹੈ।

ਇਸ ਨਾਲ ਸਭ ਤੋਂ ਪ੍ਰਭਾਵਿਤ ਮੈਡਰਿਡ ਹੈ ਅਤੇ ਅਗਲੇ 24 ਘੰਟਿਆਂ ਵਿਚ ਇੱਥੇ 20 ਸੈਂਟੀਮੀਟਰ ਜਾਂ ਅੱਠ ਇੰਚ ਤੱਕ ਬਰਫ਼ਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੱਖਣ ਵਿਚ ਤੂਫ਼ਾਨ ਕਾਰਨ ਨਦੀਆਂ ਵੀ ਬੰਨ੍ਹ ਤੋਂ ਉਪਰ ਵਹਿ ਰਹੀਆਂ ਹਨ।

ਇਹ ਵੀ ਪੜ੍ਹੋ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਤੇ ਪ੍ਰਿੰਸ ਫਿਲਿਪ ਨੂੰ ਵੀ ਲੱਗਾ ਕੋਰੋਨਾ ਟੀਕਾ

ਫਿਲੋਮੀਨਾ ਤੂਫ਼ਾਨ ਕਾਰਨ ਹੁਣ ਤੱਕ ਚਾਰ ਮੌਤਾਂ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲੋਕਾਂ ਦੀ ਬਰਫ਼ ਕਾਰਨ ਜੰਮ ਕੇ ਮੌਤ ਹੋ ਗਈ, ਇਨ੍ਹਾਂ ਵਿਚ ਇਕ ਮੈਡਰਿਡ ਦੇ ਜ਼ਾਰਜ਼ਾਲੇਜੋ ਕਸਬੇ ਅਤੇ ਦੂਜੀ ਪੂਰਬੀ ਸ਼ਹਿਰ ਕੈਲਾਟਾਇਡ ਨਾਲ ਸਬੰਧਤ ਹੈ। ਇਕ ਕਾਰ ਵਿਚ ਸਵਾਰ ਦੋ ਵਿਅਕਤੀ ਦੱਖਣੀ ਸ਼ਹਿਰ ਮਲਾਗਾ ਦੇ ਨੇੜੇ ਹੜ੍ਹਾਂ ਨਾਲ ਵਹਿ ਗਏ। ਮੈਡਰਿਡ ਵਿਚ ਸ਼ੁੱਕਰਵਾਰ ਤੋਂ ਪੈ ਰਹੀ ਬਰਫ਼ਬਾਰੀ ਕਾਰਨ ਕਈ ਵਾਹਨ ਫ਼ਸੇ ਹੋਏ ਹਨ।

ਕਈ ਸੜਕਾਂ ਦੇ ਨਾਲ-ਨਾਲ ਸ਼ਹਿਰ ਦਾ ਬਾਰਾਜਾਸ ਹਵਾਈ ਅੱਡਾ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ ਅਤੇ ਮੈਡਰਿਡ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਫਾਇਰਫਾਈਟਰਜ਼ ਫਸੇ ਹੋਏ ਡਰਾਈਵਰਾਂ ਦੀ ਮਦਦ ਕਰ ਰਹੇ ਹਨ। ਕੁਝ ਇਲਾਕਿਆਂ ਵਿਚ ਬਰਫ਼ ਹਟਾਉਣ ਲਈ ਫ਼ੌਜ ਲਾਈ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਂਚੇਜ਼ ਨੇ ਲੋਕਾਂ ਨੂੰ ਘਰ ਰਹਿਣ ਅਤੇ ਐਮਰਜੈਂਸੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ 'ਤੇ ਗਲ਼ਤ ਟਿੱਪਣੀ ਕਰਨ 'ਤੇ GoAir ਨੇ ਪਾਇਲਟ ਬਰਖ਼ਾਸਤ ਕੀਤਾ

Sanjeev

This news is Content Editor Sanjeev