2 ਸਾਲਾ ਮਾਸੂਮ 250 ਫੁੱਟ ਡੂੰਘੇ ਟੋਏ ''ਚ ਡਿੱਗਿਆ, ਬਚਾਅ ਮੁਹਿੰਮ ਜਾਰੀ

01/20/2019 11:06:20 AM

ਮੈਡ੍ਰਿਡ (ਬਿਊਰੋ)— ਸਪੇਨ ਦੇ ਮਲਾਗਾ ਸ਼ਹਿਰ ਦੇ ਪਹਾੜੀ ਇਲਾਕੇ ਵਿਚ 2 ਸਾਲ ਦਾ ਬੱਚਾ ਬੀਤੇ ਹਫਤੇ ਤੋਂ 250 ਫੁੱਟ ਡੂੰਘੇ ਟੋਏ ਵਿਚ ਫਸਿਆ ਹੋਇਆ ਹੈ। ਉਸ ਨੂੰ ਬਚਾਉਣ ਲਈ ਦੁਨੀਆ ਭਰ ਦੇ ਲੋਕ ਪ੍ਰਾਰਥਨਾ ਕਰ ਰਹੇ ਹਨ। ਬੱਚੇ ਨੂੰ ਬਚਾਉਣ ਲਈ ਸ਼ਕਤੀਸ਼ਾਲੀ ਮਸ਼ੀਨਾਂ ਦੀ ਮਦਦ ਨਾਲ ਸੁਰੰਗ ਪੁੱਟੀ ਜਾ ਰਹੀ ਹੈ।

ਪਿਛਲੇ ਐਤਵਾਰ ਨੂੰ ਜੁਲੇਨ ਰੋਸੇਲੋ ਨਾਮ ਦਾ ਇਹ ਬੱਚਾ ਉਸ ਸਮੇਂ ਲਾਪਤਾ ਹੋ ਗਿਆ ਜਦੋਂ ਉਸ ਦੇ ਪਿਤਾ ਖਾਣਾ ਬਣਾ ਰਹੇ ਸਨ। ਥੋੜ੍ਹੀ ਦੇਰ ਬਾਅਦ ਬੱਚੇ ਦੇ ਨਜ਼ਰ ਨਾ ਆਉਣ 'ਤੇ ਉਸ ਦੀ ਭਾਲ ਕੀਤੀ ਗਈ। ਫਿਰ ਪਤਾ ਚੱਲਾ ਕਿ ਬੱਚਾ ਟੋਏ ਵਿਚ ਡਿੱਗ ਪਿਆ ਹੈ। ਇਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਚਾਉਣ ਲਈ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। 

ਜਾਣਕਾਰੀ ਮੁਤਾਬਕ ਸੁਰੰਗ ਬਣਾਉਣ ਦੀ ਪਹਿਲੀ ਕੋਸ਼ਿਸ਼ ਅਸਫਲ ਹੋ ਗਈ ਸੀ। ਇਸ ਮਗਰੋਂ ਬਚਾਅ ਟੀਮ ਨੇ ਦੂਜੀ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ। ਰਿਪੋਰਟਾਂ ਮੁਤਾਬਕ 20 ਜਨਵਰੀ ਨੂੰ ਕਿਸੇ ਵੀ ਸਮੇਂ ਬੱਚੇ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਭਾਵੇਂਕਿ ਹੁਣ ਤੱਕ ਬੱਚੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ। ਉਸ ਜਗ੍ਹਾ ਤੋਂ ਬੱਚੇ ਦੇ ਕੁਝ ਵਾਲ ਮਿਲੇ ਸਨ। ਡੀ.ਐੱਨ.ਏ. ਟੈਸਟ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਬਾਲ ਜੁਲੇਨ ਦੇ ਹੀ ਸਨ।

ਸਪੇਨ ਦੀਆਂ ਸਭ ਤੋਂ ਸ਼ਕਤੀਸ਼ਾਲੀ ਮਸ਼ੀਨਾਂ ਜ਼ਰੀਏ ਸੁਰੰਗ ਪੁੱਟਣ ਦਾ ਕੰਮ ਜਾਰੀ ਹੈ। ਵਰਟੀਕਲ ਸੁਰੰਗ ਤਿਆਰ ਹੋ ਜਾਣ ਦੇ ਬਾਅਦ ਕੁਝ ਲੋਕਾਂ ਨੂੰ ਹੇਠਾਂ ਭੇਜਿਆ ਜਾਵੇਗਾ ਜੋ ਬੱਚੇ ਤੱਕ ਪਹੁੰਚਣ ਲਈ ਹੱਥਾਂ ਨਾਲ 13 ਫੁੱਟ ਲੰਬੀ ਦੂਜੀ ਸੁਰੰਗ ਬਣਾਉਣਗੇ। ਫਿਲਹਾਲ ਦੁਨੀਆ ਭਰ ਤੋਂ ਲੋਕ ਬੱਚੇ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਹੇ ਹਨ।

Vandana

This news is Content Editor Vandana