ਦੱਖਣੀ ਨੇਪਾਲ ''ਚ ਠੰਡ ਕਾਰਨ 9 ਲੋਕਾਂ ਦੀ ਮੌਤ

01/06/2018 4:50:46 PM

ਕਾਠਮੰਡੂ(ਭਾਸ਼ਾ)— ਦੱਖਣੀ ਨੇਪਾਲ ਦੇ ਜ਼ਿਲਿਆਂ ਵਿਚ ਭਿਆਨਕ ਠੰਡ ਕਾਰਨ ਪਿਛਲੇ 48 ਘੰਟਿਆਂ ਵਿਚ ਘੱਟ ਤੋਂ ਘੱਟ 9 ਲੋਕ ਮਾਰੇ ਗਏ। ਪੁਲਸ ਮੁਤਾਬਕ ਸਪਤਾਰੀ ਜ਼ਿਲੇ ਵਿਚ ਹੱਢ ਚੀਰਵੀਂ ਠੰਡ ਕਾਰਨ 6 ਅਤੇ ਰੌਤਾਹਾਟ ਜ਼ਿਲੇ ਵਿਚ 3 ਲੋਕ ਮਾਰੇ ਗਏ। ਸ਼ੀਤ ਲਹਿਰ ਕਾਰਨ ਖੇਤਰ ਵਿਚ ਬਹੁਤ ਸਾਰੇ ਬੱਚੇ ਅਤੇ ਬਜ਼ੁਰਗ ਲੋਕ ਬੀਮਾਰ ਪੈ ਗਏ। ਮਰਨ ਵਾਲੇ ਲੋਕਾਂ ਵਿਚ ਜ਼ਿਆਦਾਤਰ ਬਜ਼ੁਰਗ ਹਨ। ਸਪਤਾਰੀ ਜ਼ਿਲੇ ਦੇ ਸਾਗਰਮਾਥਾ ਜੋਨਲ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾ. ਰੰਜੀਤ ਕੁਮਾਰ ਝਾਅ ਨੇ ਕਿਹਾ ਕਿ ਠੰਡ ਕਾਰਨ ਲੋਕਾਂ ਦਾ ਹਾਈਪੋਥਰਮੀਆ ਨਾਲ ਪ੍ਰਭਾਵਿਤ ਹੋਣਾ ਸਾਧਾਰਨ ਹੈ। ਹਾਈਪੋਥਰਮੀਆ ਸਰੀਰ ਦੀ ਉਹ ਸਥਿਤੀ ਹੁੰਦੀ ਹੈ, ਜਿਸ ਵਿਚ ਸਰੀਰ ਦਾ ਤਾਪਮਾਨ ਸਾਧਾਰਨ ਤੋਂ ਘੱਟ ਹੋ ਜਾਂਦਾ ਹੈ। ਰੋਜ਼ਾਨਾ ਠੰਡ ਨਾਲ ਪੀੜਤ ਦਰਜਨਾਂ ਲੋਕ ਇਲਾਜ ਲਈ ਹਸਪਤਾਲ ਆ ਰਹੇ ਹਨ। ਸਪਤਾਰੀ ਵਿਚ ਠੰਡ ਕਾਰਨ ਪਿਛਲੇ 1 ਹਫਤੇ ਤੋਂ 412 ਸਕੂਲ ਬੰਦ ਹਨ।