ਦੱਖਣੀ ਕੋਰੀਆ: ਹਸਪਤਾਲ ''ਚ ਅੱਗ ਲੱਗਣ ਨਾਲ 37 ਮਰੇ, 150 ਜ਼ਖਮੀ

01/27/2018 10:26:35 AM

ਸੋਲ(ਭਾਸ਼ਾ)— ਦੱਖਣੀ ਕੋਰੀਆ ਵਿਚ ਮਿਰਯਾਂਗ ਸ਼ਹਿਰ ਦੇ ਇਕ ਹਸਪਤਾਲ ਵਿਚ ਲੱਗੀ ਅੱਗ ਕਾਰਨ 37 ਲੋਕਾਂ ਦੀ ਝੂਲਸ ਕੇ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਕਈ ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਅੱਗ ਲੱਗਣ ਦੀ ਘਟਨਾ ਮਿਰਯਾਂਗ ਸ਼ਹਿਰ ਦੇ ਸੇਜੋਂਗ ਹਸਪਤਾਲ ਵਿਚ ਹੋਈ। ਇਹ ਅੱਗ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਹਪਸਤਾਲ ਦੇ ਐਮਰਜੈਂਸੀ ਰੂਮ ਵਿਚ ਲੱਗੀ। ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਮ੍ਰਿਤਕਾਂ ਦੀ ਗਿਣਤੀ 41 ਦੱਸੀ ਜਾ ਰਹੀ ਸੀ ਪਰ ਹੁਣ ਪੁਸ਼ਟੀ ਕੀਤੀ ਗਈ ਹੈ ਕਿ ਮ੍ਰਿਤਕਾਂ ਦੀ ਗਿਣਤੀ 37 ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੂੰ ਅੱਗ 'ਤੇ ਕਾਬੂ ਪਾਉਣ ਲਈ ਵਿਚ 1 ਘੰਟਾ 40 ਮਿੰਟ ਦਾ ਸਮਾਂ ਲੱਗਾ। ਮਿਰਯਾਂਗ ਸ਼ਹਿਰ ਦੇ ਫਾਇਰ ਸਟੇਸ਼ਨ ਦੇ ਮੁਖੀ ਚੋਈ ਮਾਨ ਵੂ ਨੇ ਦੱਸਿਆ ਕਿ ਕੁੱਝ ਹੀ ਘੰਟਿਆਂ ਅੰਦਰ ਜ਼ਿਆਦਾਤਰ ਹਿੱਸਿਆਂ ਵਿਚ ਅੱਗ 'ਤੇ ਕਾਬੂ ਲਿਆ ਗਿਆ ਸੀ। ਮਿਰਯਾਂਗ ਰਾਜਧਾਨੀ ਸੋਲ ਤੋਂ 270 ਕਿਲੋਮੀਟਰ ਦੱਖਣੀ-ਪੂਰਬ ਵਿਚ ਸਥਿਤ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਜੇਚੀਯੋਗ ਸ਼ਹਿਰ ਵਿਚ ਇਕ 8 ਮੰਜ਼ਿਲਾ ਫਿਟਨੈਸ ਕੇਂਦਰ ਵਿਚ ਅੱਗ ਲੱਗਣ ਨਾਲ 29 ਲੋਕਾਂ ਦੀ ਮੌਤ ਹੋ ਗਈ ਸੀ।