ਸਾਊਥ ਆਸਟ੍ਰੇਲੀਆ ਸਟੇਟ ਚੋਣਾਂ 'ਚ ਪੰਜਾਬੀ ਨੂੰ ਐਲਾਨਿਆ ਗਿਆ ਉਮੀਦਵਾਰ

02/17/2018 5:31:03 PM

ਐਡੀਲੇਡ— ਰਈਆ (ਪੰਜਾਬ) ਨਾਲ ਸਬੰਧਿਤ ਗਗਨ ਸ਼ਰਮਾ ਨੂੰ ਸਾਊਥ ਆਸਟ੍ਰੇਲੀਆ ਵਿਚ ਮੈਂਬਰ ਪਾਰਲੀਮੈਂਟ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਨੂੰ ਮਾਣ ਦਿੰਦੇ ਹੋਏ ਫਿਲੌਰੀ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਦੱਸਣਯੋਗ ਹੈ ਕਿ ਗਗਨ ਸ਼ਰਮਾ ਨੇ ਫਾਰਮੇਸੀ ਦੀ ਡਿਗਰੀ ਕਰਨ ਉਪਰੰਤ ਉੱਜਵਲ ਭਵਿੱਖ ਲਈ ਐਡੀਲੇਡ ਆ ਕੇ ਮਿਹਨਤ ਨਾਲ ਪਹਿਲਾਂ ਕਾਰੋਬਾਰ ਪ੍ਰਫੁੱਲਤ ਕੀਤਾ ਅਤੇ ਫਿਰ ਸਮਾਜਿਕ ਸੇਵਾਵਾਂ ਕਰਕੇ ਲੋਕਾਂ ਦਾ ਦਿਲ ਜਿੱਤਿਆ, ਜਿਸ ਕਰਕੇ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ।
ਲਿਬਰਲ ਪਾਰਟੀ ਮੁਖੀ ਸਟੀਵਨ ਮਾਰਸ਼ਲ ਵਲੋਂ ਗਗਨ ਸ਼ਰਮਾ ਦੇ ਸਮਾਜ ਵਿਚ ਕੀਤੇ ਗਏ ਚੰਗੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਫਿਲੌਰੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਐਲਾਨਿਆ ਹੈ। ਗਗਨ ਸ਼ਰਮਾ ਨੂੰ ਲਿਬਰਲ ਪਾਰਟੀ ਵਲੋਂ ਚੋਣਾਂ ਵਿਚ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਹੋਰਨਾਂ ਭਾਈਚਾਰਿਆਂ ਸਮੇਤ ਸਹਿਯੋਗ ਲਈ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਗਨ ਸ਼ਰਮਾ ਨੇ ਲਿਬਰਲ ਪਾਰਟੀ ਸਮੇਤ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਭਾਰਤੀ ਭਾਈਚਾਰੇ ਨੂੰ ਮਿਲਿਆ ਹੈ ਤੇ ਸਾਰਿਆਂ ਦੇ ਸਹਿਯੋਗ ਨਾਲ ਭਾਈਚਾਰੇ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿੰਦੇ ਹੋਏ ਸਾਰਿਆਂ ਦਾ ਭਰੋਸਾ ਬਣਾਈ ਰੱਖਾਂਗਾ।