ਦੱਖਣੀ ਅਫਰੀਕਾ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 78

04/25/2019 5:57:31 PM

ਜੌਹਨਸਬਰਗ— ਦੱਖਣੀ ਅਫਰੀਕਾ 'ਚ ਮੀਂਹ ਅਤੇ ਹੜ੍ਹ ਕਾਰਨ ਘੱਟ ਤੋਂ ਘੱਟ 78 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਬੁਲਾਰੇ ਲੋਨੋਕਸ ਮਬਾਸੋ ਨੇ ਦੱਸਿਆ ਕਿ ਕਵਾਜੁਲੂ-ਨਟਾਲ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਡਰਬਨ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਸਭ ਤੋਂ ਵਧ ਪ੍ਰਭਾਵਿਤ ਇਲਾਕਿਆਂ 'ਚ ਅਮਨਜਿਮਟੋਟੀ, ਚੈਟਸਵਰਥ ਅਤੇ ਮਰਿਆਨਹਿੱਲੀ ਸ਼ਾਮਲ ਹਨ। ਪ੍ਰਭਾਵਿਤ ਇਲਾਕਿਆਂ 'ਚ ਕਈ ਇਮਾਰਤਾਂ ਡਿੱਗ ਗਈਆਂ ਅਤੇ ਕਈ ਘਰਾਂ ਦੀਆਂ ਕੰਧਾਂ ਢਹਿ ਗਈਆਂ।

ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਮਿਸਰ 'ਚ ਅਫਰੀਕੀ ਏਕਤਾ ਸਿਖਰ ਸੰਮੇਲਨ ਨੂੰ ਵਿਚੋਂ ਹੀ ਛੱਡ ਕੇ ਜਾਣਾ ਪਿਆ।
ਰਾਮਫੋਸਾ ਨੇ ਟਵੀਟ ਕਰਕੇ ਦੱਸਿਆ,''ਵਾਪਸ ਆ ਗਿਆ ਹਾਂ। ਹੜ੍ਹ ਨਾਲ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਨੂੰ ਦੇਖਣ ਲਈ ਕਵਾਜੁਲੂ-ਨਟਾਲ ਲਈ ਉਡਾਣ ਭਰੀ ਹੈ।' ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਅਸਥਾਈ ਸ਼ੈਲਟਰ ਬਣਾਏ ਗਏ ਹਨ, ਜਿੱਥੇ ਉਨ੍ਹਾਂ ਨੂੰ ਭੋਜਨ ਦਿੱਤਾ ਜਾ ਰਿਹਾ ਹੈ। ਸਰਕਾਰੀ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਹਜ਼ਾਰ ਲੋਕਾਂ ਨੂੰ ਹੋਰ ਥਾਵਾਂ 'ਤੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ।