ਪਾਕਿਸਤਾਨ ਤੋਂ ਉੱਠੀ ਆਵਾਜ਼, ਭਗਤ ਸਿੰਘ ਦੀ ਫਾਂਸੀ ਲਈ ਮੁਆਫੀ ਮੰਗੇ ਇੰਗਲੈਂਡ ਦੀ ਰਾਣੀ

03/25/2017 3:27:38 PM

ਲਾਹੌਰ—ਆਜ਼ਾਦੀ ਘੁਲਾਟੀਆਂ, ਭਗਤ ਸਿੰਘ, ਰਾਜਗੁਰੂ  ਅਤੇ ਸੁਖਦੇਵ ਦੇ ''ਅਨਿਆਪੂਰਨ ਕਤਲਾਂ''( ਫਾਂਸੀ ਦੀ) ਲਈ ਇੰਗਲੈਂਡ ਦੀ ਰਾਣੀ ਨੂੰ ਜਨਤਕ ਤੌਰ ''ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਹ ਆਵਾਜ਼ ਪਾਕਿਸਤਾਨ ''ਚ ਉਸ ਵੇਲੇ ਉਠਾਈ ਗਈ ਜਦੋਂ ਵੀਰਵਾਰ 23 ਮਾਰਚ ਨੂੰ ਉੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ 86ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ''ਤੇ ਇਕ ਵਿਸ਼ੇਸ਼ ਸਮਾਗਮ ਲਾਹੌਰ ਦੇ ਫੁਆਰਾ ਚੌਕ ਵਿਖੇ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਫੁਆਰਾ ਚੌਕ (ਸ਼ਦਮਾਨ ਚੌਕ) ਉਹ ਹੀ ਜਗ੍ਹਾ ਹੈ, ਜਿੱਥੇ ਇਨ੍ਹਾਂ ਤਿੰਨਾਂ ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ''ਤੇ ਲਟਕਾਇਆ ਗਿਆ ਸੀ। ਪਾਕਿਸਤਾਨ ਦੀ ਜਨਤਾ ਨੇ ਚੌਕ ''ਚ ਸਥਾਪਤ ਸ਼ਹੀਦਾਂ ਦੇ ਬੁੱਤਾਂ ''ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਨਾਲ ਹੀ ਇਹ ਕਿਹਾ ਕਿ ਰਾਣੀ ਨੂੰ ਇਸ ਚੌਕ ''ਚ ਆ ਕੇ ਜਨਤਕ ਤੌਰ ''ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਇਕੱਠ ''ਚ ਜਿੱਥੇ ਸਮਾਜ ਦੇ ਆਮ ਲੋਕ ਸ਼ਾਮਲ ਸਨ, ਉੱਥੇ ਬੁੱਧੀ ਜੀਵੀ, ਵਿਦਵਾਨ ਅਤੇ ਹੋਰ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕ ਵੱਡੀ ਗਿਣਤੀ ''ਚ ਸ਼ਾਮਲ ਸਨ। ਲੋਕਾਂ ਨੇ ਮੋਮਬੱਤੀਆਂ ਲੈ ਕੇ ਸ਼ਹਿਰ ''ਚ ਮਾਰਚ ਵੀ ਕੀਤਾ ਅਤੇ ਕਿਹਾ ਕਿ ਰਾਣੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਤੋਂ ਵੀ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਨਾਲ ਹੀ ਯੋਗ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ। ਭਗਤ ਸਿੰਘ ਫਾਊਡੇਸ਼ਨ ਪਾਕਿਸਤਾਨ ਦੇ ਪ੍ਰਧਾਨ ਅਬਦੁੱਲਾ ਮਲਿਕ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੁਰਬਾਨੀ ਨੂੰ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦੀ ਦਿਹਾੜੇ ''ਤੇ ਇਸ ਸਮਾਗਮ ਨੂੰ ਧਾਰਮਿਕ ਕੱਟੜਪੱਥੀਆਂ ਵੱਲੋਂ ਧਮਕੀਆਂ ਦਿੱਤੇ ਜਾਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਸੰਬੰਧ ''ਚ ਲਾਹੌਰ ਹਾਈ ਕੋਰਟ ਨੇ ਵਿਸ਼ੇਸ਼ ਤੌਰ ''ਤੇ ਪੁਲਸ ਨੂੰ ਹੁਕਮ ਜਾਰੀ ਕੀਤੇ ਸਨ। ਪੰਜਾਬ ਯੂਨੀਵਰਸਿਟੀ ਦੇ ਡੀਨ (ਸੋਸ਼ਲ ਸਾਈਸ) ਇਕਬਾਲ ਚਾਵਲਾ ਨੇ ਕਿਹਾ ਕਿ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਭਗਤ ਸਿੰਘ ਵੱਲੋਂ ਕੀਤੇ ਸੰਘਰਸ਼ ਦੀ ਜ਼ੋਰਦਾਰ ਹਿਮਾਇਤ ਕੀਤੀ ਸੀ। ਇਸ ਦੌਰਾਨ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ ਵੱਲੋਂ ਵੱਖਰੇ ਤੌਰ ''ਤੇ ਇਕ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਭੁੱਲ ਭੇਂਟ ਕੀਤੇ।