ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਪੀੜਤਾਂ ਨੂੰ ਲੱਭਣ ਲਈ ਸੋਨਾਰ ਤਕਨਾਲੋਜੀ ਦੀ ਲਈ ਗਈ ਮਦਦ

06/22/2018 5:16:14 PM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆਈ ਪ੍ਰਸ਼ਾਸਨ ਨੇ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਝੀਲਾਂ ਵਿਚ ਸ਼ਾਮਲ ਤੋਬਾ ਝੀਲ ਵਿਚ ਹੋਏ ਕਿਸ਼ਤੀ ਹਾਦਸੇ ਵਿਚ ਲਾਪਤਾ ਲੋਕਾਂ ਦੀ ਤਲਾਸ਼ ਲਈ ਸ਼ੁੱਕਰਵਾਰ ਨੂੰ ਆਧੁਨਿਕ ਸੋਨਾਰ ਤਕਨਾਲੋਜੀ ਦੀ ਵਰਤੋਂ ਸ਼ੁਰੂ ਕੀਤੀ। ਖੋਜੀ ਟੀਮਾਂ ਨੂੰ ਉਮੀਦ ਹੈ ਕਿ ਜਲ ਸੈਨਾ ਤੋਂ ਲਏ ਗਏ ਇਸ ਉਪਕਰਣ ਨਾਲ ਉਸ ਕਿਸ਼ਤੀ ਨੂੰ ਲੱਭਣ ਵਿਚ ਮਦਦ ਮਿਲੇਗੀ ਜੋ ਸੁਮਾਤਰਾ ਦੇ ਸ਼ਾਨਦਾਰ ਸਥਲ ਤੋਬਾ ਝੀਲ ਵਿਚ ਸੋਮਵਾਰ ਨੂੰ ਡੁੱਬ ਗਈ ਸੀ। ਹੁਣ ਤੱਕ 18 ਯਾਤਰੀਆਂ ਨੂੰ ਬਚਾਇਆ ਗਿਆ ਹੈ ਅਤੇ ਸਿਰਫ ਤਿੰਨ ਯਾਤਰੀਆਂ ਦੀ ਮੌਤ ਦਾ ਪੁਸ਼ਟੀ ਹੋਈ ਹੈ। ਅਧਿਕਾਰਿਕ ਅੰਕੜਿਆਂ ਮੁਤਾਬਕ ਬੱਚਿਆਂ ਸਮੇਤ 193 ਯਾਤਰੀ ਹਾਲੇ ਵੀ ਲਾਪਤਾ ਹਨ। ਸੰਭਾਵਨਾ ਹੈ ਕਿ ਝੀਲ ਦੇ ਤਲ ਤੱਕ ਪਹੁੰਚ ਚੁੱਕੀ ਕਿਸ਼ਤੀ ਵਿਚ ਲਾਸ਼ਾਂ ਫਸੀਆਂ ਹੋਣ। ਤਲਾਸ਼ੀ ਮੁਹਿੰਮ ਵਿਚ ਤਕਰੀਬਨ 400 ਲੋਕਾਂ ਦੇ ਜੁਟੇ ਰਹਿਣ ਦੇ ਬਾਵਜੂਦ 4 ਦਿਨ ਬਾਅਦ ਵੀ ਕਿਸ਼ਤੀ ਦਾ ਪਤਾ ਨਹੀਂ ਚੱਲ ਪਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਨਾਰ ਤਕਨਾਲੋਜੀ ਪਾਣੀ ਅੰਦਰ ਲੁਕੀਆਂ ਵਸਤਾਂ ਦਾ ਪਤਾ ਲਗਾਉਣ ਲਈ ਧੁਨੀ ਤਰੰਗਾਂ ਦੀ ਵਰਤੋਂ ਕਰਦੀ ਹੈ। ਜਿਸ ਨਾਲ ਤੋਬਾ ਝੀਲ ਦੇ ਤਲ ਤੱਕ ਖੋਜ ਕਰਨ ਵਿਚ ਮਦਦ ਮਿਲੇਗੀ।