ਵੈਲੇਨਟਾਈਨ ਡੇਅ ਦੇ ਮੌਕੇ ''ਤੇ ਬਣਾਈ ਗਈ ਹੈ ਇਹ ਖਾਸ ਤਿੱਖੀ ਆਈਸਕ੍ਰੀਮ

02/11/2018 10:03:00 AM

ਰੋਮ/ਈਡਨਬਰਗ (ਬਿਊਰੋ)— ਆਈਸਕ੍ਰੀਮ ਦਾ ਨਾਂ ਸੁਣਦੇ ਹੀ ਅਕਸਰ ਸਾਰਿਆਂ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਇਹ ਕਈ ਫਲੇਵਰਾਂ ਵਿਚ ਪਾਈ ਜਾਂਦੀ ਹੈ। ਉਂਝ ਆਈਸਕ੍ਰੀਮ ਖਾਣ ਵਿਚ ਮਿੱਠੀ ਹੁੰਦੀ ਹੈ ਪਰ ਅੱਜ ਅਸੀ ਤੁਹਾਨੂੰ ਜਿਸ ਆਈਸਕ੍ਰੀਮ ਬਾਰੇ ਦੱਸ ਰਹੇ ਹਾਂ ਉਹ ਖਾਣ ਵਿਚ ਮਿੱਠੀ ਨਹੀਂ ਬਲਕਿ ਤਿੱਖੀ ਹੈ। ਸਕਾਟਲੈਂਡ ਵਿਚ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਐਲਵਿਚ ਕੈਫੇ ਨੇ ਇਕ ਖਾਸ ਆਈਸਕ੍ਰੀਮ ਲਾਂਚ ਕੀਤੀ ਹੈ। ਇਸ ਆਈਸਕ੍ਰੀਮ ਨੂੰ 'ਬ੍ਰੀਦ ਆਫ ਦੀ ਡੈਵਿਲ' ਦਾ ਨਾਂ ਦਿੱਤਾ ਗਿਆ ਹੈ। ਆਪਣੇ ਨਾਂ ਦੀ ਤਰ੍ਹਾਂ ਇਹ ਖਾਣ ਵਿਚ ਮਿੱਠੀ ਨਹੀਂ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਟਵੈਸਕੋ ਸੌਸ ਤੋਂ 500 ਗੁਣਾ ਜ਼ਿਆਦਾ ਤਿੱਖੀ ਹੈ। ਇਸ ਆਈਸਕ੍ਰੀਮ ਨੂੰ ਰਵਾਇਤੀ ਇਟਾਲੀਅਨ ਰੈਸਿਪੀ ਮੁਤਾਬਕ ਬਣਾਇਆ ਗਿਆ ਹੈ। ਇਸ ਨੂੰ ਸਿਰਫ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਖਾ ਸਕਦੇ ਹਨ। ਇਸ ਕੈਫੇ ਦੇ ਮਾਲਕ ਮਾਰਟੀਨ ਹਨ, ਜਿਨ੍ਹਾਂ ਮੁਤਾਬਕ ਇਟਲੀ ਵਿਚ ਇਕ ਜਗ੍ਹਾ ਹੈ, ਜਿਸ ਦਾ ਨਾਂ ਡੈਵਿਲਸ ਬ੍ਰਿਜ ਹੈ। ਇੱਥੇ ਇਕ ਪਰਿਵਾਰ ਸਾਲ ਵਿਚ ਸਿਰਫ ਇਕ ਵਾਰੀ ਮਿਲਦਾ ਸੀ ਅਤੇ ਇਸ ਦੌਰਾਨ ਜੇ ਕਿਸੇ ਮਰਦ ਨੇ ਆਪਣੀ ਬਹਾਦੁਰੀ ਦਿਖਾਉਣੀ ਹੁੰਦੀ ਸੀ ਤਾਂ ਉਹ ਇਹ ਆਈਸਕ੍ਰੀਮ ਖਾਂਦਾ ਸੀ। ਇਸ ਬ੍ਰਿਜ ਦੇ ਨਾਂ 'ਤੇ ਹੀ ਇਸ ਆਈਸਕ੍ਰੀਮ ਦਾ ਨਾਂ ਰੱਖਿਆ ਗਿਆ ਹੈ। ਸਕਾਟਲੈਂਡ ਅਤੇ ਇਟਲੀ ਦੇ ਇਲਾਵਾ ਇਹ ਰੈਸਿਪੀ ਕਿਸੇ ਹੋਰ ਦੇਸ਼ ਵਿਚ ਨਹੀਂ ਪਾਈ ਜਾਂਦੀ ਹੈ।