ਸਲੋਵਾਕੀਆ : ਇਮਾਰਤ 'ਚ ਹੋਇਆ ਗੈਸ ਧਮਾਕਾ, 5 ਲੋਕਾਂ ਦੀ ਮੌਤ ਤੇ 40 ਜ਼ਖਮੀ

12/07/2019 9:45:56 AM

ਪ੍ਰੇਸੋਵ— ਸਲੋਵਾਕੀਆ ਦੇ ਪ੍ਰੇਸੋਵ ਸ਼ਹਿਰ 'ਚ ਇਕ 12 ਮੰਜ਼ਲਾ ਇਮਾਰਤ 'ਚ ਗੈਸ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ 40 ਜ਼ਖਮੀ ਹੋ ਗਏ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ ਵਾਲੇ ਸਥਾਨ 'ਤੇ ਪੁੱਜੇ ਤੇ ਕਿਹਾ,''ਅਸੀਂ ਗੈਸ ਧਮਾਕੇ 'ਚ ਹੁਣ ਤਕ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਅਜੇ ਹੋਰ ਵਧ ਸਕਦੀ ਹੈ।''

ਫਾਇਰ ਫਾਈਟਰਜ਼ ਮੁਤਾਬਕ ਇਹ ਧਮਾਕਾ ਕੱਲ ਦੁਪਹਿਰ ਹੋਇਆ ਅਤੇ ਇਸ ਦੇ ਬਾਅਦ ਅੱਗ ਦੀਆਂ ਲਪਟਾਂ ਨੇ ਇਸ ਉੱਚੀ ਇਮਾਰਤ ਦੀਆਂ 4-5 ਮੰਜ਼ਲਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਇਹ ਅਜੇ  ਸਪੱਸ਼ਟ ਨਹੀਂ ਹੋਇਆ ਕਿ ਘਟਨਾ ਸਮੇਂ ਇਮਾਰਤ 'ਚ ਕਿੰਨੇ ਕੁ ਲੋਕ ਮੌਜੂਦ ਸਨ ਪਰ ਫਾਇਰ ਫਾਈਟਰਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਮੰਜ਼ਲਾਂ ਇਮਾਰਤ 'ਚੋਂ ਸੁਰੱਖਿਅਤ ਕੱਢਣ ਗਏ ਸਾਰੇ ਲੋਕਾਂ ਨੂੰ ਨੇੜਲੇ ਸਕੂਲਾਂ 'ਚ ਪਹੁੰਚਾ ਦਿੱਤਾ ਗਿਆ ਹੈ।

ਸਿਹਤ ਮੰਤਰੀ ਐਂਡ੍ਰੀਆ ਕਲਾਵਸਕਾ ਨੇ ਕਿਹਾ ਕਿ ਜ਼ਖਮੀਆਂ 'ਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਮੇਅਰ ਇੰਡਰੀਆ ਟੁਰਕਾਨੋਵਾ ਨੇ ਕਿਹਾ ਕਿ ਸਲੋਵਾਕੀਆ 'ਚ ਪਿਛਲੇ 50 ਸਾਲਾਂ 'ਚ ਇਹ ਤੀਜੀ ਸਭ ਤੋਂ ਭਿਆਨਕ ਤ੍ਰਾਸਦੀ ਹੈ।