ਨੀਂਦ ਲਈ ਗੋਲੀਆਂ ਨਹੀਂ ਰੋਬੋਟ ਲਓ

03/03/2019 7:52:35 AM

ਲੰਡਨ- ਅੱਜਕਲ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਇਹ ਸਵਾਲ ਅਹਿਮ ਹੋ ਗਿਆ ਹੈ ਕਿ ਕੀ ਤੁਸੀਂ ਗੂੜ੍ਹੀ ਨੀਂਦ ਲੈਂਦੇ ਹੋ। 24 ਘੰਟਿਆਂ ਵਿਚੋਂ ਬਹੁਤਾ ਸਮਾਂ ਅਸੀਂ ਕੰਪਿਊਟਰ ਜਾਂ ਹੋਰ ਉਪਕਰਨਾਂ ’ਤੇ ਬਿਤਾਉਂਦੇ ਹਾਂ। ਇਸੇ ਕਰ ਕੇ ਅਸੀਂ ਸਲੀਪਲੈਸਨੈੱਸ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਸਮੱਸਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਥੋਂ ਤਕ ਕਿ ਲੋਕ ਗੂੜ੍ਹੀ ਨੀਂਦ ਲਈ ਗੋਲੀਆਂ ਵੀ ਖਾਣ ਲੱਗ ਪਏ ਹਨ ਪਰ ਡੀ. ਡਬਲਯੂ. ਯੂ. ਦੀ ਖਬਰ ਅਨੁਸਾਰ ਹੁਣ ਇਕ ਹੋਰ ਬਦਲ ਆ ਗਿਆ ਹੈ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਕਿਸੇ ਵੀ ਦਵਾਈ ਦੇ ਮੋਹਤਾਜ ਨਹੀਂ ਰਹੋਗੇ। ਇਹ ਕੋਈ ਦਵਾਈ ਨਹੀਂ ਸਗੋਂ ਇਕ ਰੋਬੋਟ ਹੈ ਜੋ ਚੰਗੀ ਨੀਂਦ ਲਈ ਮਦਦ ਕਰਦਾ ਹੈ। ਨੀਦਰਲੈਂਡ ਦੇ ਜਗਟੇਨਬਰਗ ਨੇ ਦੱਸਿਆ ਕਿ ਉਨ੍ਹਾਂ ਨੇ ਨੀਂਦ ਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਅਤੇ ਦੇਖਿਆ ਕਿ ਸਾਹ ਤੇ ਆਡੀਓ ਦੀ ਮਦਦ ਨਾਲ ਚੰਗੀ ਨੀਂਦ ਆਉਂਦੀ ਹੈ। ਖਾਸ ਕਰ ਕੇ ਇਕ ਖੋਜ ਪੱਤਰ ਵਿਚ ਦੱਸਿਆ ਗਿਆ ਕਿ ਜੇਕਰ ਤੁਸੀਂ ਇਕ ਬੱਚੇ ਨੂੰ ਫੜਦੇ ਹੋ, ਤਾਂ ਤੁਸੀਂ ਅਵਚੇਤਨ ਰੂਪ ਨਾਲ ਉਸ ਦੀ ਸਾਹ ਲੈਣ ਅਤੇ ਦਿਲ ਦੀ ਗਤੀ ਨੂੰ ਦੋਹਰਾਉਂਦੇ ਹੋ। ਕਿਸੇ ਸਿਧਾਂਤ ’ਤੇ ਉਨ੍ਹਾਂ ਨੇ ਇਕ ਪ੍ਰੋਟੋਟਾਈਪ ਰੋਬੋਟ ਵਿਕਸਿਤ ਕੀਤਾ ਹੈ ਜੋ ਮੱਧਮ ਅਤੇ ਡੂੰਘੇ ਸਾਹ ਲੈਣ ਦੀ ਆਵਾਜ਼ ਕਰਦਾ ਹੋਵੇ ਪਰ ਇਸ ਦਾ ਸਾਈਜ਼ ਕਾਫੀ ਵੱਡਾ ਸੀ ਜਿਸ ਨਾਲ ਉਹ ਉਸ ਦੀ ਮਾਂ ਨੂੰ ਪਸੰਦ ਨਹੀਂ ਆਇਆ। ਬਾਅਦ ਵਿਚ ਉਨ੍ਹਾਂ ਨੇ ਰੋਬੋਟ ਦਾ ਸਾਈਜ਼ ਛੋਟਾ ਕੀਤਾ ਤਾਂ ਉਸ ਦੀ ਮਾਂ ਨੂੰ ਨੀਂਦ ਪੂਰੀ ਕਰਨ ਵਿਚ ਮਦਦ ਮਿਲੀ।
ਨੀਦਰਲੈਂਡ ਦੇ ਇਕ ਉਦਯੋਗਪਤੀ ਜੂਲੀਅਨ ਜਗਟੇਨਬਰਗ ਨੇ ਇਹ ਰੋਬੋਟ ਬਣਾਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਤ ਨੂੰ ਚੰਗੀ ਨੀਂਦ ਦਿਵਾਉਣ ਲਈ ਇਹ ਕਾਫੀ ਸਹਾਈ ਸਿੱਧ ਹੋਵੇਗਾ। ਛੂਹਣ ਵਿਚ ਨਰਮ ਰੋਬੋਟ ਸਿਰਫ ਬਿੱਲੀ ਦੇ ਭਾਰ ਜਿੰਨਾ ਹੀ ਹੈ ਅਤੇ ਇਕ ਬੱਚੇ ਦੀ ਤਰ੍ਹਾਂ ਸਾਹ ਲੈਂਦਾ ਹੈ।
ਇੰਝ ਕਰਦਾ ਹੈ ਕੰਮ
ਰੋਬੋਟ ਸੌਣ ਦੀ ਪ੍ਰਕਿਰਿਆ ਦੀ ਨਕਲ ਕਰਨ ਲਈ ਨਕਲੀ ਸਾਹ ਤਕਨੀਕ ਦੀ ਵਰਤੋਂ ਕਰਦਾ ਹੈ ਜਦੋਂ ਤੁਸੀਂ ਇਸ ਨੂੰ ਆਪਣੀ ਛਾਤੀ ਨਾਲ ਫੜਦੇ ਹੋ ਤਾਂ ਇਹ ਕੁੱਤੇ ਜਾਂ ਬਿੱਲੀ ਨੂੰ ਫੜਨ ਜਿਹਾ ਹੀ ਮਹਿਸੂਸ ਹੁੰਦਾ ਹੈ। ਇਸ ਦੇ ਪਿੱਛੇ ਇਰਾਦਾ ਇਹ ਹੈ ਕਿ ਜਦੋਂ ਤੁਸੀਂ ਇਸ ਨੂੰ ਫੜਦੇ ਹੋ ਤਾਂ ਤੁਸੀਂ ਅਵਚੇਤਨ ਰੂਪ ਨਾਲ ਇਸ ਦੇ ਹੀ ਸਾਹ ਪੈਟਰਨ ਵਿਚ ਆਉਂਦੇ ਹੋ। ਅੰਦਰ ਇਕ ਸਪੀਕਰ ਤੁਹਾਨੂੰ ਨੀਂਦ ਲਈ ਪ੍ਰੇਰਿਤ ਕਰਦਾ ਹੈ। ਇਹ ਰੋਬੋਟ ਐਪ ਨਾਲ ਹੀ ਜੁੜਿਆ ਹੋਇਆ ਹੈ ਕਿ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਐਪ ਵਿਚ ਤਬਦੀਲੀ ਕਰ ਸਕਦੇ ਹੋ।