ਜਾਰਜੀਆ ਵਿਚ ਸਕੀ ਲਿਫਟ ਹੋਈ ਆਊਟ ਆਫ ਕੰਟਰੋਲ (ਵੀਡੀਓ ਵਾਇਰਲ)

03/16/2018 9:18:48 PM

ਤਬੀਲੀਸੀ (ਏਜੰਸੀ)- ਜਾਰਜੀਆ ਵਿਚ ਇਕ ਸਕੀ ਲਿਫਟ ਖਰਾਬ ਹੋਣ ਕਾਰਨ ਕਈ ਲੋਕ ਜ਼ਖਮੀ ਹੋ ਗਏ, ਖਰਾਬ ਲਿਫਟ ਕਾਫੀ ਤੇਜ਼ੀ ਨਾਲ ਉਲਟੀ ਘੁੰਮਣੀ ਸ਼ੁਰੂ ਹੋ ਗਈ, ਜਿਸ ਕਾਰਨ ਲੋਕ ਲਿਫਟ ਤੋਂ ਹੇਠਾਂ ਡਿੱਗਣੇ ਸ਼ੁਰੂ ਹੋ ਗਏ। ਇਸ ਪੂਰੇ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਗ੍ਰੇਟਰ ਕਾਕੇਸ਼ਸ ਮਾਉਂਟੇਨ ਰੇਂਜ ਦੇ ਦੱਖਣੀ ਮੈਦਾਨ ਨੇੜੇ ਸਥਿਤ ਰਿਸਾਰਟ ਵਿਚ ਵਾਪਰੇ ਇਸ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੀ ਲਿਫਟ ਅਚਾਨਕ ਉਲਟੀ ਘੁੰਮਣੀ ਸ਼ੁਰੂ ਹੋ ਗਈ ਅਤੇ ਉਸ ਦੀ ਸਪੀਡ ਵੀ ਕਾਫੀ ਤੇਜ਼ ਹੋ ਗਈ।
 

ਲਿਫਟ ਵਿਚ ਬੈਠੇ ਲੋਕ ਦੂਰ ਜਾ ਕੇ ਡਿੱਗਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਉਥੇ ਖੜੇ ਲੋਕਾਂ ਦੀ ਮਦਦ ਨਾਲ ਬਚਾਇਆ ਗਿਆ। ਫਿਲਹਾਲ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਸਵੀਡਨ ਅਤੇ ਯੂਕਰੇਨੀਅਨ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਜ਼ਿਆਦਾਤਰ ਜ਼ਖਮੀਆਂ ਦੇ ਹਲਕੀਆਂ ਸੱਟਾਂ ਹੀ ਲੱਗੀਆਂ ਹਨ। ਹਾਦਸੇ ਵਿਚ ਇਕ ਗਰਭਵਤੀ ਔਰਤ ਦੀ ਪਿਠ ਵਿਚ ਸੱਟ ਲੱਗੀ ਹੈ ਜਦੋਂ ਇਕ ਵਿਅਕਤੀ ਦੇ ਸਿਰ ਉੱਤੇ ਸੱਟ ਲੱਗੀ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੀ ਲਿਫਟ ਨਿਰਮਾਤਾ, ਆਸਟ੍ਰੀਆ ਦੇ ਡੋਪਲਮਾਏਰ ਗਾਰਾਵੇਂਟਾ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਲਟੇਜ ਘੱਟ-ਵੱਧ ਹੋਣ ਕਾਰਨ ਇਹ ਹਾਦਸਾ ਵਾਪਰਿਆ ਲਗਦਾ ਹੈ। ਜਾਰਜੀਆ ਵਿਚ ਸਕੀਇੰਗ ਕਾਫੀ ਪਸੰਦ ਕੀਤੀ ਜਾਂਦੀ ਹੈ, ਜਿਸ ਕਾਰਨ ਇਥੇ ਸੈਲਾਨੀਆਂ ਦਾ ਮੇਲਾ ਲੱਗਿਆ ਰਹਿੰਦਾ ਹੈ।