ਨਸ਼ੇ ਦੀ ਓਵਰਡੋਜ਼ ਕਾਰਨ ਮੁੰਡੇ-ਕੁੜੀਆਂ ਦੀ ਵਿਗੜੀ ਸੀ ਸਿਹਤ, ਹਸਪਤਾਲ ''ਚੋਂ ਮਿਲੀ ਛੁੱਟੀ

06/12/2017 7:03:24 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਨਸ਼ੇ ਦੀ ਓਵਰਡੋਜ਼ ਲੈਣ ਵਾਲੇ 6 ਨੌਜਵਾਨਾਂ, ਜਿਨ੍ਹਾਂ 'ਚ 2 ਕੁੜੀਆਂ ਅਤੇ 4 ਮੁੰਡੇ ਸਨ ਨੂੰ ਹਸਪਤਾਲ 'ਚੋਂ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਕਿੰਗ ਸਟਰੀਟ ਅਤੇ ਲਿਟਲ ਬੌਰਕੇ ਸਟਰੀਟ 'ਤੇ ਸਥਿਤ ਇਕ ਨਾਈਟ ਕਲੱਬ 'ਚੋਂ ਐਤਵਾਰ ਤੜਕਸਾਰ 3 ਵਜੇ ਬੇਹੋਸ਼ੀ ਦੀ ਹਾਲਤ ਅਤੇ ਜ਼ਿਆਦਾ ਸਿਹਤ ਵਿਗੜ ਕਾਰਨ ਸੈਂਟ ਵਿਨਸੈਂਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਨੌਜਵਾਨਾਂ ਨੇ ਗਾਮਾ ਹਾਈਡਰੈਕਸੀਬਾਇਟ੍ਰੇਟ (ਜੀ. ਐੱਚ. ਬੀ.) ਨਾਮੀ ਖਤਰਨਾਕ ਨਸ਼ੀਲੇ ਪਦਾਰਥ ਦੀ ਵਰਤੋਂ ਕੀਤੀ ਸੀ। 
ਓਵਰਡੋਜ਼ ਕਾਰਨ ਇਕ ਲੜਕੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ, ਜਦਕਿ ਬਾਕੀ ਦੇ 5 ਨੌਜਵਾਨ ਗੰਭੀਰ ਰੂਪ ਨਾਲ ਬੀਮਾਰ ਹੋ ਗਏ ਸਨ। ਪੁਲਸ ਨੂੰ ਐਤਵਾਰ ਨੂੰ ਤੜਕਸਾਰ 3 ਵਜੇ ਕਿੰਗ ਸਟਰੀਟ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਨੌਜਵਾਨਾਂ ਨੇ ਸ਼ਰਾਬ 'ਚ ਜੀ. ਐੱਚ. ਬੀ. ਡਰੱਗ ਮਿਲਾ ਕੇ ਲਿਆ ਸੀ। ਇਸ ਘਟਨਾ ਦੇ ਸੰਬੰਧ 'ਚ ਇਕ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।