ਟੋਰਾਂਟੋ ਦੇ 9 ਹੋਰ ਸਕੂਲਾਂ ''ਚ ਮਿਲੇ ਕੋਰੋਨਾ ਦੇ ਮਾਮਲੇ, ਜਨਵਰੀ ਤੱਕ ਰਹਿਣਗੇ ਬੰਦ

12/14/2020 2:54:54 PM

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ 9 ਸਕੂਲਾਂ ਵਿਚ ਕੋਰੋਨਾ ਫੈਲਣ ਕਾਰਨ ਜਨਵਰੀ ਤੱਕ ਲਈ ਇਨ੍ਹਾਂ ਨੂੰ ਬੰਦ ਰੱਖਿਆ ਜਾਵੇਗਾ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਘੋਸ਼ਣਾ ਕੀਤੀ ਹੈ ਕਿ 6 ਹੋਰ ਸਕੂਲਾਂ ਨੂੰ ਐਤਵਾਰ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਇੱਥੇ ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿਚ 3 ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਦਰਜ ਹੋਏ ਸਨ। ਸਤੰਬਰ ਵਿਚ ਸਕੂਲ ਖੁੱਲ੍ਹਣ ਮਗਰੋਂ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕਈ ਸਕੂਲ ਬੰਦ ਹੋ ਕੇ ਦੁਬਾਰਾ ਖੁੱਲ੍ਹ ਗਏ ਹਨ।

ਬੋਰਡ ਨੇ ਕਿਹਾ ਕਿ ਸਿਟੀ ਅਡਲਟ ਲਰਨਿੰਗ ਸੈਂਟਰ, ਹੋਮਵੁੱਡ ਕਮਿਊਨਟੀ ਸੈਂਟਰ, ਆਰ. ਐੱਚ. ਮੈਕਜੋਰਜ ਐਲੀਮੈਂਟਰੀ ਸਕੂਲ, ਡੇਵਿਡ ਲੇਵਿਸ ਪਬਲਿਕ ਸਕੂਲ, ਗ੍ਰੇਨੋਬਲ ਪਬਲਿਕ ਸਕੂਲ ਅਤੇ ਓਕਰਿਜ ਜੂਨੀਅਰ ਪਬਲਿਕ ਸਕੂਲਾਂ ਵਿਚ ਪੜ੍ਹਾਈ ਬੰਦ ਰਹੇਗੀ ਅਤੇ ਵਿਦਿਆਰਥੀ ਤੇ ਸਟਾਫ਼ ਦੀ ਜਾਂਚ ਚੱਲੇਗੀ। 

ਟੋਰਾਂਟੋ ਪਬਲਿਕ ਹੈਲਥ ਮੁਤਾਬਕ ਹਰ ਸਕੂਲ ਵਿਚ ਵੱਖ-ਵੱਖ ਸਥਿਤੀ ਦੌਰਾਨ ਵਿਦਿਆਰਥੀ ਤੇ ਸਟਾਫ਼ ਮੈਂਬਰ ਕੋਰੋਨਾ ਦੇ ਸ਼ਿਕਾਰ ਹੋਏ ਹਨ। ਕੋਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੋਰ ਲੋਕ ਜੋ ਇਨ੍ਹਾਂ ਦੇ ਸੰਪਰਕ ਵਿਚ ਆਏ, ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਫਿਲਹਾਲ ਸਕੂਲਾਂ ਨੂੰ 4 ਜਨਵਰੀ ਤੱਕ ਬੰਦ ਰੱਖਿਆ ਜਾਵੇਗਾ ਤੇ ਹਾਲਾਤਾਂ ਮੁਤਾਬਕ ਅਗਲੇ ਫੈਸਲੇ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਬੋਰਡ ਵਲੋਂ ਮਿਲੀ ਜਾਣਕਾਰੀ ਮੁਤਾਬਕ 5 ਸਕੂਲਾਂ ਵਿਚੋਂ 22 ਮਾਮਲੇ ਸਾਹਮਣੇ ਆਏ ਸਨ, ਬਾਕੀ ਸਕੂਲਾਂ ਵਿਚੋਂ ਕਿੰਨੇ ਮਾਮਲੇ ਆਏ ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਫਾਈਜ਼ਰ ਵਲੋਂ ਤਿਆਰ ਕੀਤੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਪੁੱਜ ਗਈ ਹੈ ਪਰ ਲੋਕਾਂ ਨੂੰ ਇਸ ਦੌਰਾਨ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। 

Lalita Mam

This news is Content Editor Lalita Mam