ਸਿੰਗਾਪੁਰ ''ਚ ਕੋਰੋਨਾ ਵਾਇਰਸ ਦੇ 570 ਨਵੇਂ ਮਾਮਲੇ, ਕੁੱਲ ਗਿਣਤੀ 29 ਹਜ਼ਾਰ ਪਾਰ

05/20/2020 4:53:59 PM

ਸਿੰਗਾਪੁਰ- ਸਿੰਗਾਪੁਰ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 570 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ ਵਧੇਰੇ ਵਿਦੇਸ਼ੀ ਕਾਮੇ ਹਨ। ਇਹਨਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 29,364 ਹੋ ਗਈ ਹੈ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਨਵੇਂ ਮਾਮਲਿਆਂ ਵਿਚੋਂ ਸਿਰਫ ਇਕ ਹੀ ਸਿੰਗਾਪੁਰ ਦਾ ਨਾਗਰਿਕ ਜਾਂ ਸਥਾਈ ਨਿਵਾਸੀ ਹੈ, ਜਦਕਿ ਹੋਰ ਸਾਰੇ ਵਿਦੇਸ਼ੀ ਕਰਮਚਾਰੀ ਹਨ। 

ਸਿੰਗਾਪੁਰ ਵਿਚ ਹੁਣ ਤੱਕ 10,365 ਲੋਕ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ ਜਦਕਿ 22 ਲੋਕਾਂ ਦੀ ਵਾਇਰਸ ਕਾਰਣ ਮੌਤ ਹੋ ਚੁੱਕੀ ਹੈ। ਸਿੰਗਾਪੁਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੂਨ ਤੋਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਲਾਈਆਂ ਗਈਆਂ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ। ਇਸ ਵਿਚਾਲੇ, ਇਕੱਠੀ ਰਿਹਾਇਸ਼ ਜਾਂ ਨਿੱਜੀ ਰਿਹਾਇਸ਼ ਵਿਚ ਰਹਿਣ ਵਾਲੇ 85 ਹਜ਼ਾਰ ਵਿਦੇਸ਼ੀ ਨਿਰਮਾਣ ਮਜ਼ਦੂਰਾਂ ਨੂੰ ਮੰਗਲਵਾਰ ਨੂੰ ਆਪਣੇ ਘਰਾਂ ਵਿਚੋਂ ਨਿਕਲਣ ਦੀ ਆਗਿਆ ਦੇ ਦਿੱਤੀ ਗਈ ਹੈ। ਘਰਾਂ ਵਿਚ ਰਹਿਣ ਦਾ ਨੋਟਿਸ ਸੋਮਵਾਰ ਅੱਧੀ ਰਾਤ ਖਤਮ ਹੋ ਗਿਆ।

'ਦ ਸਟ੍ਰੇਟਸ ਟਾਈਮਸ' ਦੀ ਰਿਪੋਰਟ ਮੁਤਾਬਕ ਹਾਲਾਂਕਿ ਉਹਨਾਂ ਨੂੰ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਜਾਰੀ ਰੱਖਣਾ ਹੋਵੇਗਾ ਤੇ ਸਿਰਫ ਜ਼ਰੂਰੀ ਕੰਮ, ਜਿਵੇਂ ਭੋਜਨ ਖਰੀਦਣ ਆਦਿ ਕੰਮਾਂ ਲਈ ਬਾਹਰ ਨਿਕਲਣ ਦੀ ਆਗਿਆ ਹੋਵੇਗੀ। ਇਹ ਫੈਸਲਾ ਡੋਰਮੈਟ੍ਰੀ ਜਾਂ ਨਿਰਮਾਣ ਸਥਲਾਂ 'ਤੇ ਅਸਥਾਈ ਕੁਆਰਟਰਾਂ ਵਿਚ ਰਹਿਣ ਵਾਲੇ ਨਿਰਮਾਣ ਮਜ਼ਦੂਰਾਂ 'ਤੇ ਲਾਗੂ ਨਹੀਂ ਹੁੰਦਾ ਹੈ। ਉਹਨਾਂ ਨੂੰ ਇਕ ਜੂਨ ਤੋਂ ਬਾਅਦ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।

Baljit Singh

This news is Content Editor Baljit Singh