'ਸਿੱਖਸ ਆਫ ਅਮਰੀਕਾ' ਨੇ ਸਿੱਖ ਲੀਡਰ ਮਨਜੀਤ ਸਿੰਘ ਜੀ.ਕੇ. ਦਾ ਕੀਤਾ ਨਿੱਘਾ ਸਵਾਗਤ (ਤਸਵੀਰਾਂ)

11/20/2022 12:13:48 PM

ਵਾਸ਼ਿੰਗਟਨ (ਰਾਜ ਗੋਗਨਾ) ਸਿੱਖਸ ਆਫ ਅਮਰੀਕਾ ਵਲੋਂ ਅਮਰੀਕਾ ਪੁੱਜੇ ਜਾਗੋ ਪਾਰਟੀ ਦੇ ਸੰਸਥਾਪਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਿੱਖ ਆਗੂ ਸ: ਮਨਜੀਤ ਸਿੰਘ ਜੀ.ਕੇ. ਦਾ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸੈਂਟਰ ਫਾਰ ਸੋਸ਼ਲ ਚੇਂਜ, ਮੈਰੀਲੈਡ ’ਚ ਸਵਾਗਤੀ ਸਮਾਗਮ ਦਾ ਅਯੋਜਨ ਕਰ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਡੀ.ਐੱਮ.ਵੀ. ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ, ਅਹੁਦੇਦਾਰ, ਮੈਂਬਰ ਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। 

ਇਸ ਦੌਰਾਨ ਸਿੱਖ ਮਸਲਿਆਂ 'ਤੇ ਗੰਭੀਰ ਚਰਚਾ ਕੀਤੀ ਗਈ। ਵਿਸ਼ਵ ਪੱਧਰ ’ਤੇ ਸਿੱਖਾਂ ਦੇ ਦਰਪੇਸ਼ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਦੌਰਾਨ ਬੋਲਦਿਆਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਅਮਰੀਕਾ ਵਿਚ ਸਿੱਖ ਮਸਲਿਆਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਸ੍ਰ. ਮਨਜੀਤ ਸਿੰਘ ਜੀ.ਕੇ. ਤੇ ਆਏ ਹੋਏ ਪਤਵੰਤਿਆਂ ਨਾਲ ਸਾਂਝੀ ਕੀਤੀ ਜਿਸ ਦੇ ਬਾਰੇ ਮੌਜੂਦਾ ਸਮੇਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਰਤ ਖਾਸਕਰ ਪੰਜਾਬ ਵਿਚ ਸਿੱਖਾਂ ਨੂੰ ਦਰਪੇਸ਼ ਗੰਭੀਰ ਮਸਲਿਆਂ ਬਾਰੇ ਸਾਰੇ ਭਾਈਚਾਰੇ ਨੇ ਸਿਰ ਜੋੜ ਕੇ ਗੰਭੀਰਤਾ ਪੂਰਵਕ ਚਰਚਾ ਕੀਤੀ ਅਤੇ ਭਵਿੱਖ ਵਿਚ ਅਜਿਹੇ ਮਸਲਿਆਂ ਨੂੰ ਸਿੱਖਸ ਆਫ ਅਮਰੀਕਾ ਨਾਲ ਮਿਲ ਕੇ ਉਠਾਉਣ ਦੀ ਵਚਨਬੱਧਤਾ ਦੁਹਰਾਈ। 

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮਨਜੀਤ ਸਿੰਘ ਜੀ.ਕੇ. ਦੀ ਲੀਡਰਸ਼ਿਪ ਲਈ ਧੰਨਵਾਦ ਕੀਤਾ। ਉਨਾਂ ਨੇ ਮਨਜੀਤ ਸਿੰਘ ਜੀ.ਕੇ. ਤੇ ਉਹਨਾਂ ਦੇ ਪਿਤਾ ਜਥੇਦਾਰ ਸ੍ਰ. ਸੰਤੋਖ ਸਿੰਘ ਵਲੋਂ ਸਿੱਖ ਕੌਮ ਲਈ ਕੀਤੀਆਂ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ ਜਿਹੜੇ ਵੀ ਮਸਲੇ ਭਾਰਤ ਵਿਚ ਸਿੱਖ ਕੌਮ ਲਈ ਚੁੱਕਣਗੇ ਸਿੱਖਸ ਆਫ ਅਮਰੀਕਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੋਵੇਗਾ। ਮੈਨੇਜਮੈਂਟ ਵਲੋਂ ਉਹਨਾਂ ਨੂੰ ਬਲਜਿੰਦਰ ਸਿੰਘ ਸ਼ੰਮੀ, ਸੁਖਪਾਲ ਸਿੰਘ ਧਨੋਆ, ਕਮਲਜੀਤ ਸਿੰਘ ਸੋਨੀ ਤੇ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰਸ ਨੇ ਉਹਨਾਂ ਨੂੰ ਤਲਵਾਰ ਤੇ ਮਮੈਂਟੋ ਭੇਂਟ ਕੀਤੇ। ਮੰਚ ਸੰਚਾਲਨ ਵਾਈਟ ਹਾਊਸ ਦੇ ਉੱਘੇ ਸਿੱਖ ਪੱਤਰਕਾਰ ਤੇ ਟੀ.ਵੀ. ਐਂਕਰ ਸਰਦਾਰ ਸੁਖਪਾਲ ਸਿੰਘ ਧਨੋਆ ਨੇ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ

ਮਨਜੀਤ ਸਿੰਘ ਜੀ.ਕੇ ਨੇ ਸਿੱਖਸ ਆਫ ਅਮਰੀਕਾ ਵਲੋਂ ਛੋਟੇ ਜਿਹੇ ਸੱਦੇ 'ਤੇ ਏਨੇ ਵਧੀਆ ਸਮਾਗਮ ਬਾਰੇ ਬੋਲਦਿਆਂ ਸਿੱਖਸ ਆਫ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਇਕ ਬੜੇ ਹੀ ਨਾਜ਼ੁਕ ਸਮੇਂ ਵਿਚੋਂ ਗੁਜ਼ਰ ਰਹੀ ਹੈ ਤੇ ਸਿੱਖ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਵਾਉਣ ਵਾਸਤੇ ਸਿੱਖ ਭਾਈਚਾਰੇ ਨੂੰ ਇਕੱਠਿਆਂ ਇਕ ਪਲੇਟਫਾਰਮ ਤੇ ਹੋਣ ਦਾ ਸੱਦਾ ਦਿੰਦਿਆਂ ਉਹਨਾਂ ਨੇ ਸਿੱਖਸ ਆਫ ਅਮਰੀਕਾ ਦਾ ਇਸ ਸਮਾਗਮ ਦੇ ਆਯੋਜਨ ਲਈ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਸਤਪਾਲ ਸਿੰਘ ਬਰਾੜ, ਜਰਨੈਲ ਸਿੰਘ ਟੀਟੂ, ਜੋਗਿੰਦਰ ਸਿੰਘ ਸਮਰਾ, ਤਰਲੋਚਨ ਸਿੰਘ, ਦਵਿੰਦਰ ਸਿੰਘ, ਚਤਰ ਸਿੰਘ, ਹਰਬੀਰ ਬੱਤਰਾ, ਪ੍ਰਭਜੋਤ ਬੱਤਰਾ, ਗੁਰਮੁਖ ਸਿੰਘ, ਜਸਵਿੰਦਰ ਸਿੰਘ ਰਾਇਲ ਤਾਜ, ਹਰਜੀਤ ਸਿੰਘ ਚੰਢੋਕ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Vandana

This news is Content Editor Vandana