ਚੰਡੀਗੜ੍ਹ ਦੇ ਮੁੰਡੇ ਦੇ ਜ਼ਬਰਦਸਤ ਭਾਸ਼ਣ ''ਤੇ ਤਾੜੀਆਂ ਦੀ ਗੜਗੜਾਹਟ ਨਾਲ ਗੂੰਜੀ ਅਮਰੀਕਾ ਦੀ ਯੂਨੀਵਰਸਿਟੀ (ਵੀਡੀਓ)

06/12/2017 11:28:00 AM

ਵਾਸ਼ਿੰਗਟਨ— ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਸਫਲਤਾ ਦਾ ਇਕ ਅਨੋਖਾ ਇਤਿਹਾਸ ਸਿਰਜਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਸੋਚ ਨਾਲ ਹਮੇਸ਼ਾ ਦੀ ਦੁਨੀਆ ਨੂੰ ਚੰਗੇ ਲਈ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਲਈ ਦੁਨੀਆ ਪੰਜਾਬੀਆਂ ਨੂੰ ਸਲਾਮ ਕਰਦੀ ਹੈ। ਇਸ ਦੀ ਇਕ ਮਿਸਾਲ ਅਮਰੀਕਾ ਦੀ ਯੂ. ਸੀ. ਬਰਕੇਲੇ ਯੂਨੀਵਰਸਿਟੀ ਵਿਚ ਦੇਖਣ ਨੂੰ ਮਿਲੀ। ਯੂਨੀਵਰਸਿਟੀ ਦੇ ਵਿਦਾਇਗੀ ਸਮਾਗਮ ਵਿਚ ਚੰਡੀਗੜ੍ਹ ਦੇ ਸਿੱਖ ਨੌਜਵਾਨ ਅੰਗਦ ਸਿੰਘ ਨੇ ਭਾਸ਼ਣ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ। ਉਸ ਦਾ ਭਾਸ਼ਣ ਇੰਨਾਂ ਜ਼ਬਰਦਸਤ ਸੀ ਕਿ ਤਾੜੀਆਂ ਦੀ ਗੂੰਜ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਅੰਗਦ ਦੇ ਇਸ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅੰਗਦ ਨੂੰ ਯੂਨੀਵਰਸਿਟੀ ਨੇ Summa Cum Laude ਸਨਮਾਨ ਨਾਲ ਵੀ ਸਨਮਾਨਤ ਕੀਤਾ। ਇਹ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਸਨਮਾਨ ਹੈ। 


ਕਾਮਰਸ ਦੀ ਪੜ੍ਹਾਈ ਕਰਨ ਵਾਲਾ 23 ਸਾਲਾ ਅੰਗਦ ਮੰਚ ਸੰਭਾਲਦੇ ਹੀ ਪਹਿਲਾਂ ਤਬਲਾ ਵਜਾਉਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਜਦੋਂ ਉਹ ਮਾਈਕ ਸੰਭਾਲਦਾ ਹੈ ਤੇ ਉਸ ਦੇ ਚਿਹਰੇ ਦਾ ਨੂਰ ਦੇਖਣ ਵਾਲਾ ਹੁੰਦਾ ਹੈ। ਆਪਣੇ ਭਾਸ਼ਣ ਵਿਚ ਅੰਗਦ ਨੇ ਕਿਹਾ ਕਿ ਜੇਕਰ ਦੁਨੀਆ ਵਿਚ ਕਿਤੇ ਹਿਜਾਬ ਕਾਰਨ ਮੁਸਲਿਮ ਔਰਤ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਸਿੱਖ ਨੂੰ ਪੱਗੜੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਵੈਨੇਜ਼ੁਏਲਾ 'ਚ ਭੁੱਖਮਰੀ ਹੈ, ਸੀਰੀਆ ਵਿਚ ਕੋਈ ਪਿਤਾ ਆਪਣੇ ਪੂਰੇ ਪਰਿਵਾਰ ਨੂੰ ਗੁਆ ਦਿੰਦਾ ਹੈ ਤਾਂ ਇਹ ਸਾਡੇ ਸਾਹਮਣੇ ਪੇਸ਼ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ। ਅੰਗਦ ਨੇ ਉੱਥੇ ਆਪਣੇ ਪਿੰਡ ਦੀ ਨਸ਼ੇ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਸਾਨੂੰ ਇਕ ਅਜਿਹੀ ਦੁਨੀਆ ਦਾ ਨਿਰਮਾਣ ਕਰਨਾ ਚਾਹੀਦਾ ਹੈ, ਜਿੱਥੇ ਨਸਲ, ਧਰਮ, ਭਾਸ਼ਾ ਦੇ ਨਾਂ 'ਤੇ ਭੇਦਭਾਵ ਨਾ ਕੀਤਾ ਜਾਂਦਾ ਹੋਵੇ। ਅੰਗਦ ਨੇ ਕਿਹਾ ਕਿ ਭਾਰਤ ਦੇ ਮਹਾਰਾਸ਼ਟਰ ਦੇ ਸ਼ਨੀ ਸ਼ਿੰਗਣਾਪੁਰ ਦੇ ਕਿਸੇ ਵੀ ਘਰ ਵਿਚ ਜ਼ਿੰਦਾ (ਤਾਲਾ) ਨਹੀਂ ਲਗਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਇਕ-ਦੂਜੇ 'ਤੇ ਭਰੋਸਾ ਹੈ। ਸਾਨੂੰ ਅਜਿਹੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਦੁਨੀਆ ਵਿਚ ਚੰਗਿਆਈ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਅੰਗਦ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਲਾਭ ਕਮਾਉਣ ਅਤੇ ਆਪਣੀ ਕਮਾਈ ਨੂੰ ਵਧਾਉਣ ਲਈ ਕੰਮ ਨਾ ਕਰਨ। ਉਹ ਆਪਣਾ ਧਿਆਨ ਦੁਨੀਆ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਲਗਾਉਣ। ਉਸ ਨੇ ਕਿਹਾ ਕਿ ਦੁਨੀਆ 'ਚ ਬਦਲਾਅ ਲਿਆਉਣ ਦੀ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ।

Kulvinder Mahi

This news is News Editor Kulvinder Mahi