ਅਮਰੀਕਾ ''ਚ ਰਹਿੰਦੇ ਸਿੱਖਾਂ ਵਲੋਂ ਖਾਸ ਉਪਰਾਲਾ

12/30/2017 10:36:59 AM

ਵਾਸ਼ਿੰਗਟਨ (ਭਾਸ਼ਾ)— ਦੱਖਣੀ ਕੈਲੀਫੋਰਨੀਆ ਵਿਚ ਨਵੇਂ ਸਾਲ ਦੇ ਮੌਕੇ 'ਤੇ ਆਯੋਜਿਤ ਹੋਣ ਵਾਲੇ 'ਰੋਜ ਪਰੇਡ' 'ਤੇ ਅਮਰੀਕਾ ਵਿਚ ਰਹਿਣ ਵਾਲੇ ਸਿੱਖ 'ਲੰਗਰ ਸੇਵਾ' ਦੀ ਝਾਕੀ ਦਾ ਆਯੋਜਨ ਕਰਨਗੇ। ਅਮਰੀਕਾ ਦੇ ਇਸ 129 ਸਾਲ ਪੁਰਾਣੀ ਪਰੰਪਰਾ ਨੂੰ ਰਸਮੀ ਰੂਪ ਨਾਲ 'ਟੂਰਨਾਮੈਂਟ ਆਫ ਰੋਜੇਜ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ 'ਚ 10 ਲੱਖ ਵਿਜ਼ੀਟਰ ਸ਼ਾਮਲ ਹੁੰਦੇ ਹਨ। ਇਸ ਦਾ ਪੂਰੇ ਅਮਰੀਕਾ ਵਿਚ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਸਿੱਖ ਕੋਏਲੀਸ਼ਨ ਨਾਮੀ ਇਕ ਸੰਗਠਨ ਨੇ ਦੱਸਿਆ ਕਿ ਝਾਕੀ ਦੇ ਆਯੋਜਨ ਨਾਲ ਪੰਜਾਬ ਦੀ ਖਾਸੀਅਤ ਦਰਸ਼ਕਾਂ ਤੱਕ ਪਹੁੰਚੇਗੀ। 
ਸੰਗਠਨ ਮੁਤਾਬਕ ਝਾਕੀ ਵਿਚ ਇਕ ਲੰਗਰ ਹਾਲ 'ਚ 90,959 ਫੁੱਲਾਂ ਅਤੇ 500 ਪੌਂਡ ਵਜ਼ਨ ਦੀਆਂ ਸਬਜ਼ੀਆਂ ਨੂੰ ਦਿਖਾਏ ਜਾਣ ਦੀ ਸੰਭਾਵਨਾ ਹੈ। ਝਾਕੀ ਵਿਚ ਇਕ ਖੂਬਸੂਰਤ ਇੱਟਾਂ ਦੀ ਕੰਧ ਵੀ ਦਿਖਾਈ ਜਾਵੇਗੀ, ਇਸ 'ਤੇ ਸੰਗਮਰਮਰ ਦਾ ਗੁੰਬਦ ਹੋਵੇਗਾ ਅਤੇ ਸ੍ਰੀ ਦਰਬਾਰ ਸਾਹਿਬ 'ਚ ਪਾਏ ਜਾਣ ਵਾਲੇ ਨੱਕਾਸ਼ੀਦਾਰ ਗੁੰਬਦਾਂ ਨੂੰ ਵੀ ਦਿਖਾਇਆ ਜਾਵੇਗਾ। ਇਹ ਲਗਾਤਾਰ ਚੌਥਾ ਸਾਲ ਹੋਵੇਗਾ, ਜਦੋਂ ਕੈਲੀਫੋਰਨੀਆ 'ਚ ਲੋਕਪ੍ਰਿਅ ਰੋਜ ਪਰੇਡ 'ਚ ਸਿੱਖ ਧਰਮ ਦੀ ਝਾਕੀ ਸ਼ਾਮਲ ਹੋਵੇਗੀ। ਚੌਥੇ ਸਾਲ ਝਾਕੀ ਦੀ ਤਿਆਰੀ ਦੀ ਜ਼ਿੰਮੇਦਾਰੀ ਸੰਭਾਲ ਰਹੇ ਸਿੱਖ ਕਮੇਟੀ ਦੇ ਇਕ ਮੈਂਬਰ ਭਜਨੀਤ ਸਿੰਘ ਨੇ ਦੱਸਿਆ, ''ਕੈਲੀਫੋਰਨੀਆ 'ਚ ਮੇਰਾ ਹਮੇਸ਼ਾ ਤੋਂ ਇਕ ਸੁਪਨਾ ਰਿਹਾ ਹੈ ਕਿ 'ਟੂਰਨਾਮੈਂਟ ਆਫ ਰੋਜੇਜ' 'ਚ ਸਿੱਖ ਧਰਮ ਦੀ ਇਕ ਝਾਕੀ ਦੇਖੀਏ।''