ਇਟਲੀ : ਆਗਮਨ ਦਿਹਾੜੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

10/21/2019 3:16:55 PM

ਇਟਲੀ ਦੇ ਵੱਖ ਵੱਖ ਹਿੱਸਿਆਂ ’ਚੋਂ ਪੁੱਜੇ ਸ਼ਰਧਾਲੂ
ਮਿਲਾਨ ਇਟਲੀ (ਸਾਬੀ ਚੀਨੀਆ)– ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਆਗਮਨ ਪੂਰਬ ਦਿਹਾੜੇ ਮੌਕੇ ਇਟਲੀ ਦੇ ਸ਼ਰਧਾਲੂਆਂ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਜੋਯਨ ਕਰਕੇ ਵਾਲਮੀਕਿ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਪ੍ਰਬੰਧਾਂ ਹੇਠ ਕਰਵਾਏ ਪ੍ਰੋਗਰਾਮ ’ਚ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਆਏ ਹੋਏ ਸ਼ਰਧਾਲੂਆਂ ਨਾਲ ਵਿਚਾਰ ਕਰਦਿਆਂ ਭਗਵਾਨ ਰਿਸ਼ੀ ਵਾਲਮੀਕਿ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ। ਇਸ ਸਮਾਗਮ ’ਚ ਵਾਲਮੀਕਿ ਭਾਈਚਾਰੇ ਸਮੇਤ ਪੁੱਜੇ ਹੋਰ ਸ਼ਰਧਾਲੂਆਂ ਵਲੋਂ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਗਏ। ਸਥਾਨਿਕ ਅਧਿਕਾਰੀਆਂ ਤੋਂ ਇਲਾਵਾ ਪੁੱਜੇ ਇਟਾਲੀਅਨ ਸ਼ਰਧਾਲੂਆਂ ਵਲੋਂ ਇਸ ਸਮਾਗਮ ਦੀ ਭਰਪੂਰ ਪ੍ਰੰਸ਼ਸਾਂ ਕੀਤੀ ਗਈ। ਇਸ ਦੌਰਾਨ ਗਾਇਕ ਸੋਨੀ ਖਹਿਰਾ ਸਮੇਤ ਆਏ ਬੁਲਾਰਿਆਂ ਵਲੋਂ ਭਗਵਾਨ ਵਾਲਮੀਕਿ ਦੀ ਸ਼ੋਭਾ ’ਤੇ ਗੁਣਗਾਨ ਕੀਤੇ ਗਏ। ਲੰਗਰਾਂ ਦੀ ਸੇਵਾ ਦੀਪਕ ਗਿੱਲ ਤੇ ਵਿੱਕੀ ਵੱਲੋਂ ਕੀਤੀ ਗਈ। ਗੁਰੂ ਰਵਿਦਾਸ ਸਭਾ ਮਾਰਕੇ ਦੇ ਪ੍ਰਧਾਨ ਰਮੇਸ਼ ਲਾਲ ਅਤੇ ਵਾਲਮੀਕਿ ਸਭਾ ਮਾਰਕੇ ਦੇ ਪ੍ਰਧਾਨ ਬਹਾਦਰ ਭੱਟੀ ਵਲੋਂ ਆਏ ਹੋਏ ਸ਼ਰਧਾਲੂਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਪੁਨੀਤ ਪੁਮਾਰ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।