ਕੱਟਣੀ ਪਈ ਇਸ ਵਿਅਕਤੀ ਦੀ ਲੱਤ, ਸ਼ਾਰਕ ਵਲੋਂ ਕੀਤੇ ਗਏ ਹਮਲੇ ''ਚ ਹੋ ਗਿਆ ਸੀ ਜ਼ਖ਼ਮੀ

02/20/2017 2:37:51 PM

ਬ੍ਰਿਸਬੇਨ— ਕੁਈਨਜ਼ਲੈਂਡ ''ਚ ਸ਼ਾਰਕ ਵਲੋਂ ਕੀਤੇ ਗਏ ਹਮਲੇ ''ਚ ਜ਼ਖ਼ਮੀ ਹੋਏ ਗਲੇਨ ਡਿਕਸਨ (25) ਦੀ ਲੱਤ ਕੱਟ ਦਿੱਤੀ ਗਈ ਹੈ। ਗਲੇਨ, ਜਿਹੜਾ ਕਿ ਇੱਕ ਮਛੇਰਾ ਸੀ, ਬੀਤੇ ਸ਼ਨੀਵਾਰ ਦੀ ਸਵੇਰ ਨੂੰ ਆਪਣੇ ਦੋਸਤਾਂ ਮੱਛੀਆਂ ਫੜਨ ਗਿਆ ਸੀ। ਜਿਵੇਂ ਹੀ ਉਸ ਨੇ ਆਪਣੀ ਕਿਸ਼ਤੀ ਤੋਂ ਹਿਨਸ਼ਿਨਬਰੁੱਕ ਆਈਲੈਂਡ ਦੇ ਨਜ਼ਦੀਕੀ ਸਮੁੰਦਰ ਦੇ ਪਾਣੀ ''ਚ ਛਾਲ ਮਾਰੀ, ਇੱਕ ਸ਼ਾਰਕ ਨੇ ਉਸ ''ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਇੱਕ ਲੱਤ ਤੋਂ ਫੜ ਗਿਆ। ਮੌਕੇ ''ਤੇ ਮੌਜੂਦ ਡਿਕਸਨ ਦੇ ਦੋਸਤਾਂ ਨੇ ਕਾਫੀ ਮੁਸ਼ਕਲਾਂ ਤੋਂ ਬਾਅਦ ਉਸ ਨੂੰ ਪਾਣੀ ''ਚੋਂ ਬਾਹਰ ਕੱਢਿਆ ਅਤੇ ਕਿਨਾਰੇ ''ਤੇ ਪਹੁੰਚਾਇਆ। ਘਟਨਾ ਵਾਲੀ ਥਾਂ ਪਹੁੰਚੀ ਇੱਕ ਡਾਕਟਰੀ ਟੀਮ ਨੇ ਡਿਕਸਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਏਅਰ ਐਂਬੂਲੈਂਸ ਦੀ ਮਦਦ ਨਾਲ ਕਰੇਨਜ਼ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਰਕ ਨੇ ਹਮਲਾ ਉਸ ਦੀ ਲੱਤ ''ਤੇ ਕੀਤਾ ਸੀ, ਜਿਸ ਕਾਰਨ ਉਸ ਦੇ ਸਰੀਰ ''ਚੋਂ ਕਾਫੀ ਖੂਨ ਵਹਿ ਗਿਆ ਸੀ। ਇਸੇ ਦੇ ਚੱਲਦਿਆਂ ਉਸ ਦੀ ਇਹ ਲੱਤ ਕੱਟੀ ਗਈ ਹੈ।  
ਡਿਕਸਨ ਦੇ ਪਰਿਵਾਰ ''ਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਉਸ ਦੀ ਪਤਨੀ ਗਰਭਵਤੀ ਹੈ। ਇਸ ਕਾਰਨ ਡਿਕਸਨ ਦੇ ਇਲਾਜ ਅਤੇ ਉਸ ਦੇ ਪਰਿਵਾਰ ਦੀ ਮਦਦ ਲਈ ''ਗੋ ਫੰਡ ਮੀ'' ਨਾਮੀ ਇੱਕ ਪੇਜ਼ ਬਣਾਇਆ ਗਿਆ ਹੈ, ਜਿੱਥੇ ਕਿ ਲੋਕ ਆਪਣੀ ਮਰਜ਼ੀ ਨਾਲ ਪੈਸੇ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਹੁਣ ਤੱਕ ਇਸ ਪੇਜ਼ ਦੀ ਸਹਾਇਤਾ ਨਾਲ ਉਨ੍ਹਾਂ ਦੀ ਮਦਦ ਲਈ 10 ਹਜ਼ਾਰ ਦੇ ਕਰੀਬ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ।