ਸ਼ਰੀਫ ਨੇ ‘ਭੱਖਦੇ’ ਮੁੱਦਿਆਂ ਨੂੰ ਸੁਲਝਾਉਣ ਲਈ ਭਾਰਤ ਨਾਲ 'ਗੰਭੀਰ' ਗੱਲਬਾਤ ਦੀ ਕੀਤੀ ਮੰਗ

01/17/2023 5:04:26 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਸ਼ਮੀਰ ਸਮੇਤ ਵੱਖ-ਵੱਖ ‘ਭੱਖਦੇ’ ਮੁੱਦਿਆਂ ਨੂੰ ਸੁਲਝਾਉਣ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ‘ਗੰਭੀਰ’ ਗੱਲਬਾਤ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪ੍ਰਮਾਣੂ ਹਥਿਆਰ ਸੰਪੰਨ ਦੋ ਗੁਆਂਢੀਆਂ ਦਰਮਿਆਨ ਗੱਲਬਾਤ ਦੀ ਬਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਸ਼ਰੀਫ ਨੇ ਸੋਮਵਾਰ ਨੂੰ ਦੁਬਈ ਸਥਿਤ ਅਲ ਅਰਬੀਆ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਸ਼ਮੀਰ ਮੁੱਦੇ ਅਤੇ ਪਾਕਿਸਤਾਨ ਤੋਂ ਹੋਣ ਵਾਲੇ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਤਣਾਅਪੂਰਨ ਰਹੇ ਹਨ। ਭਾਰਤ ਕਸ਼ਮੀਰ ਮੁੱਦੇ 'ਤੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਪਹਿਲਾਂ ਹੀ ਰੱਦ ਕਰ ਚੁੱਕਾ ਹੈ।

ਇਹ ਵੀ ਪੜ੍ਹੋ: ਹਰਮੀਤ ਢਿੱਲੋਂ ਦਾ ਇਲਜ਼ਾਮ, ਸਿੱਖ ਹੋਣ ਕਾਰਨ ਮੈਨੂੰ ਆਪਣੀ ਪਾਰਟੀ ਦੇ ਲੋਕ ਬਣਾ ਰਹੇ ਨਿਸ਼ਾਨਾ

ਸ਼ਰੀਫ ਨੇ ਕਿਹਾ, ''ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੰਦੇਸ਼ ਹੈ ਕਿ ਆਓ ਅਸੀਂ ਗੱਲਬਾਤ ਦੀ ਮੇਜ਼ 'ਤੇ ਬੈਠੀਏ ਅਤੇ ਕਸ਼ਮੀਰ ਵਰਗੇ ਭਖਦੇ ਮਸਲਿਆਂ ਦੇ ਹੱਲ ਲਈ ਗੰਭੀਰਤਾ ਨਾਲ ਗੱਲ ਕਰੀਏ।'' ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਗੁਆਂਢੀ ਦੇਸ਼ ਹਨ ਅਤੇ ਉਨ੍ਹਾਂ ਨੂੰ ਇੱਕ-ਦੂਜੇ ਨਾਲ ਰਹਿਣਾ  ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਾਂਤੀ ਨਾਲ ਰਹੀਏ, ਤਰੱਕੀ ਕਰੀਏ ਜਾਂ ਆਪਸ ਵਿੱਚ ਲੜਾਈ ਕਰੀਏ ਅਤੇ ਸਮਾਂ ਅਤੇ ਸਰੋਤਾਂ ਨੂੰ ਬਰਬਾਦ ਕਰੀਏ। ਅਸੀਂ ਭਾਰਤ ਨਾਲ ਤਿੰਨ ਯੁੱਧ ਲੜ ਚੁੱਕੇ ਹਾਂ ਅਤੇ ਇਸ ਨਾਲ ਲੋਕਾਂ ਦੇ ਦੁੱਖ, ਗ਼ਰੀਬੀ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਸ਼ਰੀਫ ਨੇ ਕਿਹਾ ਕਿ ਅਸੀਂ ਸਬਕ ਲੈ ਲਿਆ ਹੈ ਅਤੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਬਸ਼ਰਤੇ ਅਸੀਂ ਆਪਣੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰ ਸਕੀਏ। ਅਸੀਂ ਗ਼ਰੀਬੀ ਦੂਰ ਕਰਨਾ ਚਾਹੁੰਦੇ ਹਾਂ, ਖੁਸ਼ਹਾਲੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਚਾਹੁੰਦੇ ਹਾਂ ਅਤੇ ਬੰਬਾਂ ਅਤੇ ਗੋਲਾ ਬਾਰੂਦ 'ਤੇ ਆਪਣੇ ਸਰੋਤ ਬਰਬਾਦ ਨਹੀਂ ਕਰਨਾ ਚਾਹੁੰਦੇ ਹਾਂ ਅਤੇ ਇਹੀ ਸੰਦੇਸ਼ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ: ਇਟਲੀ 'ਚ ਸਕੇ ਭੈਣ-ਭਰਾ ਸਮੇਤ ਮਾਰੇ ਗਏ 3 ਨੌਜਵਾਨ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਨ ਸਬੰਧਿਤ

ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ ਅਤੇ ਪਾਕਿਸਤਾਨ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ। ਭਾਰਤ ਵੱਲੋਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ 5 ਅਗਸਤ, 2019 ਨੂੰ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ। ਸ਼ਰੀਫ ਨੇ ਚੇਤਾਵਨੀ ਦਿੰਦੇ ਹਏ ਕਿਹਾ ਕਿ ਅਸੀਂ ਪਰਮਾਣੂ ਸ਼ਕਤੀ ਸੰਪੰਨ ਹਾਂ, ਪੂਰੀ ਤਾਕਤ ਨਾਲ ਲੈਸ ਹਾਂ ਅਤੇ ਰੱਬ ਨਾ ਕਰੇ... ਪਰ ਜੇਕਰ ਜੰਗ ਸ਼ੁਰੂ ਹੋ ਜਾਂਦੀ ਹੈ, ਤਾਂ ਇਹ ਦੱਸਣ ਲਈ ਕੌਣ ਜਿਊਂਦਾ ਰਹੇਗਾ ਕਿ ਕੀ ਹੋਇਆ ਸੀ?" ਸ਼ਰੀਫ ਨੇ ਕਿਹਾ ਕਿ ਯੂਏਈ ਦੀ ਲੀਡਰਸ਼ਿਪ ਪਾਕਿਸਤਾਨ ਅਤੇ ਭਾਰਤ ਨੂੰ ਇਕੱਠੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮੁੱਦਾ ਹੈ ਅਤੇ ਇਸ ਵਿੱਚ ਕਿਸੇ ਤੀਜੇ ਦੇਸ਼ ਦੀ ਕੋਈ ਭੂਮਿਕਾ ਨਹੀਂ ਹੈ। ਸ਼ਰੀਫ ਨੇ ਕਿਹਾ ਕਿ ਯੂਏਈ ਲੱਖਾਂ ਪਾਕਿਸਤਾਨੀਆਂ ਲਈ ਦੂਜਾ ਘਰ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਖਾੜੀ ਦੇਸ਼ ਦਾ ਦੌਰਾ ਕੀਤਾ ਸੀ, ਜਿਸ ਦਾ ਮਕਸਦ ਨਵਾਂ ਕਰਜ਼ਾ ਹਾਸਲ ਕਰਨਾ, ਦੁਵੱਲੇ ਸਹਿਯੋਗ ਅਤੇ ਵਪਾਰਕ ਸਬੰਧਾਂ ਨੂੰ ਵਧਾਉਣਾ ਸੀ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਕਸ਼ਮੀਰ ਸਮੇਤ ਭਾਰਤ ਨਾਲ ਸਾਰੇ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਲਈ ਤੀਜੇ ਪੱਖ ਦੀ ਵਿਚੋਲਗੀ ਦਾ ਸੁਆਗਤ ਕਰਦਾ ਹੈ।

ਇਹ ਵੀ ਪੜ੍ਹੋ:ਹਨੀ ਟ੍ਰੈਪ 'ਚ ਫਸਿਆ ਬਾਬਰ ਆਜ਼ਮ! ਸੋਸ਼ਲ ਮੀਡੀਆ 'ਤੇ ਲੀਕ ਹੋਈਆਂ ਨਿੱਜੀ ਵੀਡੀਓਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry